ਏਸ਼ਿਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ ਨੀਰੂ ਤੇ ਆਸ਼ਿਮਾ ਨੇ ਫੁੰਡੇ ਤਗ਼ਮੇ
ਕੌਮੀ ਖੇਡਾਂ ਦੀ ਚੈਂਪੀਅਨ ਨੀਰੂ ਢਾਂਡਾ ਨੇ ਅੱਜ ਏਸ਼ਿਆਈ ਚੈਂਪੀਅਨਸ਼ਿਪ ’ਚ ਮਹਿਲਾ ਟਰੈਪ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ, ਜਦਕਿ ਉਸ ਦੀ ਹਮਵਤਨ ਆਸ਼ਿਮਾ ਅਹਿਲਾਵਤ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਨੀਰੂ ਨੇ ਫਾਈਨਲ ਵਿੱਚ 43 ਅੰਕ ਬਣਾ ਕੇ ਕਤਰ ਦੀ ਬਾਸਿਲ ਰੇ (37) ਤੇ ਆਸ਼ਿਮਾ (29) ਨੂੰ ਪਛਾੜ ਕੇ ਸਿਖਰਲਾ ਸਥਾਨ ਹਾਸਲ ਕੀਤਾ। ਇਸ ਤੋਂ ਪਹਿਲਾਂ ਦੋ ਓਲੰਪਿਕ ਤਗਮੇ ਜੇਤੂ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਮਹਿਲਾਵਾਂ ਦੇ 25 ਮੀਟਰ ਪਿਸਟਲ ਮੁਕਾਬਲੇ ’ਚ ਚੌਥੇ ਸਥਾਨ ’ਤੇ ਰਹੀ ਜਦਕਿ ਜੂਨੀਅਰ ਵਰਗ ’ਚ ਭਾਰਤੀਆਂ ਦੀ ਝੰਡੀ ਰਿਹਾ। ਭਾਰਤ ਦੀ ਹੀ ਇਸ਼ਾ ਸਿੰਘ ਅੱਠ ਮਹਿਲਾਵਾਂ ਦੇ ਫਾਈਨਲ ’ਚ ਛੇਵੇਂ ਸਥਾਨ ’ਤੇ ਰਹੀ। ਮਨੂ ਨੇ 25 ਸਕੋਰ ਕੀਤਾ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਵੀਅਤਨਾਮ ਦੀ ਤੂ ਵਿਨ੍ਹ ਤੇ ਤ੍ਰਿਨ੍ਹ ਤੋਂ ਚਾਰ ਅੰਕ ਪਿੱਛੇ ਰਹੀ। ਮਹਿਲਾ ਜੂਨੀਅਰ 25 ਮੀਟਰ ਪਿਸਟਲ ਦੇ ਫਾਈਨਲ ਵਿੱਚ ਭਾਰਤ ਦੀ ਪਾਇਲ ਖੱਤਰੀ ਨੂੰ 36 ਦੇ ਸਕੋਰ ਨਾਲ ਸੋਨ ਤਗ਼ਮਾ ਮਿਲਿਆ ਜਦਕਿ ਨਾਮਿਆ ਕਪੂਰ (30) ਨੇ ਚਾਂਦੀ ਤੇ ਤੇਜਸਵਨੀ (27) ਨੇ ਕਾਂਸੀ ਦਾ ਤਗ਼ਮਾ ਜਿੱਤਿਆ।