ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੀਰਜ ਚੋਪੜਾ ਨੇ ਗੋਲਡਨ ਸਪਾਈਕ ਖਿਤਾਬ ਜਿੱਤਿਆ

ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੇ ਚਾਰ ਦਿਨਾਂ ’ਚ ਦੂਜਾ ਖਿਤਾਬ ਕੀਤਾ ਆਪਣੇ ਨਾਮ; 85.29 ਮੀਟਰ ਨਾਲ ਪਹਿਲੇ ਸਥਾਨ ’ਤੇ ਰਿਹਾ
Advertisement

ਓਸਟ੍ਰਾਵਾ (ਚੈੱਕ ਗਣਰਾਜ), 24 ਜੂਨ

ਪੈਰਿਸ ਡਾਇਮੰਡ ਲੀਗ ਜਿੱਤਣ ਤੋਂ ਚਾਰ ਦਿਨ ਬਾਅਦ ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਬੀਤੀ ਦੇਰ ਰਾਤ ਇੱਥੇ ਗੋਲਡਨ ਸਪਾਈਕ ਮੀਟ ਵਿੱਚ ਪਹਿਲੀ ਵਾਰ ਖੇਡਦਿਆਂ ਇਹ ਖਿਤਾਬ ਆਪਣੇ ਨਾਮ ਕਰ ਲਿਆ। ਚੋਪੜਾ ਨੇ 20 ਜੂਨ ਨੂੰ ਪੈਰਿਸ ਡਾਇਮੰਡ ਲੀਗ ਜਿੱਤੀ ਸੀ। ਇਸ ਟੂਰਨਾਮੈਂਟ ਵਿੱਚ ਕੁੱਲ 9 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਨੀਰਜ ਨੇ 85.29 ਮੀਟਰ ਦੇ ਥ੍ਰੋਅ ਨਾਲ ਸੋਨ ਤਗ਼ਮਾ ਜਿੱਤਿਆ। ਦੱਖਣੀ ਅਫਰੀਕਾ ਦਾ ਡੀ. ਸਮਿਟ 84.12 ਮੀਟਰ ਦੇ ਥ੍ਰੋਅ ਨਾਲ ਦੂਜੇ, ਜਦਕਿ ਦੋ ਵਾਰ ਦਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦਾ ਐਂਡਰਸਨ ਪੀਟਰਸ 83.63 ਮੀਟਰ ਨਾਲ ਤੀਜੇ ਸਥਾਨ ’ਤੇ ਰਿਹਾ।

Advertisement

ਦੂਜੇ ਗੇੜ ਤੋਂ ਬਾਅਦ ਨੀਰਜ ਤੀਜੇ ਸਥਾਨ ’ਤੇ ਸੀ। ਉਸ ਦੀ ਸ਼ੁਰੂਆਤ ਫਾਊਲ ਨਾਲ ਹੋਈ ਪਰ ਮਗਰੋਂ ਉਸ ਨੇ 83.45 ਮੀਟਰ ਦੂਰ ਥ੍ਰੋਅ ਕੀਤਾ। ਤੀਜੇ ਗੇੜ ਵਿੱਚ 85.29 ਮੀਟਰ ਦੀ ਕੋਸ਼ਿਸ਼ ਨਾਲ ਉਹ ਪਹਿਲੇ ਸਥਾਨ ’ਤੇ ਆਇਆ। ਉਸ ਦੀਆਂ ਅਗਲੀਆਂ ਦੋ ਕੋਸ਼ਿਸ਼ਾਂ 82.17 ਮੀਟਰ ਅਤੇ 81.01 ਮੀਟਰ ਦੀਆਂ ਰਹੀਆਂ, ਜਦਕਿ ਆਖਰੀ ਕੋਸ਼ਿਸ਼ ਫਾਊਲ ਰਹੀ। ਜਰਮਨੀ ਦੇ ਜੂਲੀਅਨ ਵੈਬਰ ਨੇ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ, ਜਿਸ ਕਰਕੇ ਨੀਰਜ ਨੂੰ ਇਸ ਖਿਤਾਬ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਉਹ ਫਿਟਨੈਸ ਕਾਰਨਾਂ ਕਰਕੇ ਪਿਛਲੇ ਦੋ ਸੀਜ਼ਨਾਂ ਵਿੱਚ ਇੱਥੇ ਨਹੀਂ ਖੇਡ ਸਕਿਆ ਸੀ। ਉਸ ਦੇ ਕੋਚ ਜਾਨ ਜ਼ੇਲੇਜ਼ਨੀ ਨੇ ਨੌਂ ਵਾਰ ਇਹ ਖਿਤਾਬ ਜਿੱਤਿਆ ਹੈ। 27 ਸਾਲਾ ਚੋਪੜਾ ਇਸ ਸੀਜ਼ਨ ਵਿੱਚ ਮਈ ’ਚ ਦੋਹਾ ਡਾਇਮੰਡ ਲੀਗ ਵਿੱਚ 90 ਮੀਟਰ ਦਾ ਅੰਕੜਾ ਪਾਰ ਕਰਨ ਦੇ ਬਾਵਜੂਦ ਦੂਜੇ ਸਥਾਨ ’ਤੇ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਪੈਰਿਸ ਡਾਇਮੰਡ ਲੀਗ ਦਾ ਖਿਤਾਬ ਜਿੱਤਿਆ। ਹੁਣ ਉਹ 5 ਜੁਲਾਈ ਨੂੰ ਬੰਗਲੂਰੂ ਵਿੱਚ ਨੀਰਜ ਚੋਪੜਾ ਕਲਾਸਿਕ ਵਿੱਚ ਹਿੱਸਾ ਲਵੇਗਾ। ਇਸ ਟੂਰਨਾਮੈਂਟ ਦੀ ਉਹ ਮੇਜ਼ਬਾਨੀ ਵੀ ਕਰ ਰਿਹਾ ਹੈ। -ਪੀਟੀਆਈ

ਬਿਹਤਰ ਪ੍ਰਦਰਸ਼ਨ ਕਰ ਸਕਦਾ ਸੀ: ਨੀਰਜ

ਗੋਲਡਨ ਸਪਾਈਕ ਖਿਤਾਬ ਜਿੱਤਣ ਦੇ ਬਾਵਜੂਦ ਨੀਰਜ ਚੋਪੜਾ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹੈ। ਜਿੱਤ ਮਗਰੋਂ ਉਸ ਨੇ ਕਿਹਾ ਕਿ ਉਹ ਬਿਹਤਰ ਪ੍ਰਦਰਸ਼ਨ ਕਰ ਸਕਦਾ ਸੀ। ਉਸ ਨੇ ਕਿਹਾ, ‘ਮੈਂ ਅੱਜ ਆਪਣੇ ਪ੍ਰਦਰਸ਼ਨ ਤੋਂ ਖੁਸ਼ ਨਹੀਂ ਹਾਂ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਇਹ ਖਿਤਾਬ ਜਿੱਤ ਲਿਆ ਹੈ।’ ਉਸ ਨੇ ਕਿਹਾ, ‘ਮੈਂ ਬਚਪਨ ਵਿੱਚ ਇਹ ਟੂਰਨਾਮੈਂਟ ਦੇਖਦਾ ਹੁੰਦਾ ਸੀ। ਮੈਂ ਜਾਨ ਜ਼ੇਲੇਜ਼ਨੀ ਅਤੇ ਉਸੈਨ ਬੋਲਟ ਵਰਗੇ ਮਹਾਨ ਅਥਲੀਟਾਂ ਨੂੰ ਗੋਲਡਨ ਸਪਾਈਕਸ ਜਿੱਤਦੇ ਦੇਖਿਆ ਸੀ ਅਤੇ ਮੈਂ ਸੋਚਿਆ ਸੀ ਕਿ ਮੈਂ ਵੀ ਇੱਕ ਦਿਨ ਇਸ ਨੂੰ ਜਿੱਤਾਂਗਾ। ਅੱਜ ਉਹ ਸੁਪਨਾ ਸਾਕਾਰ ਹੋ ਗਿਆ ਹੈ।’ ਉਸ ਨੇ ਕਿਹਾ, ‘ਚੈੱਕ ਗਣਰਾਜ ਵਿੱਚ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ ਪਰ ਕਾਸ਼ ਮੈਂ ਹੋਰ ਵਧੀਆ ਕਰ ਸਕਦਾ।’

Advertisement
Show comments