ਵਿਸ਼ਵ ਚੈਂਪੀਅਨਸ਼ਿਪ ’ਚ ਨੀਰਜ ਚੋਪੜਾ ਅੱਠਵੇਂ ਸਥਾਨ ’ਤੇ ਰਿਹਾ
ਇਸ ਮੁਕਾਬਲੇ ’ਚ ਸੋਨ ਤਗ਼ਮਾ ਤ੍ਰਿਨੀਦਾਦ ਅਤੇ ਟੋਬੈਗੋ ਦੇ ਕੇਸ਼ੌਰਨ ਵਾਲਕੌਟ (88.16 ਮੀਟਰ) ਨੇ ਜਿੱਤਿਆ ਜਦਕਿ ਗ੍ਰੇਨਾਡਾ ਦੇ ਐਂਡਰਸਨ ਪੀਟਰਸ (87.38 ਮੀਟਰ) ਨੇ ਦੂਜਾ ਤੇ ਕੁਰਟਿਸ ਥੌਂਪਸਨ (86.67 ਮੀਟਰ) ਨੇ ਤੀਜਾ ਸਥਾਨ ਹਾਸਲ ਕੀਤਾ।
ਮੁਕਾਬਲੇ ਦੌਰਾਨ ਚੋਪੜਾ ਪੰਜਵੇਂ ਰਾਊਂਡ ਮਗਰੋਂ ਬਾਹਰ ਹੋ ਗਿਆ ਅਤੇ 84.03 ਦੀ ਆਪਣੀ ਸਰਵੋਤਮ ਥ੍ਰੋਅ ਨਾਲ ਅੱਠਵੇਂ ਸਥਾਨ ’ਤੇ ਰਿਹਾ। ਉਸ ਦੀ ਪੰਜਵੀਂ ਥ੍ਰੋਅ ਫਾਊਲ ਹੋ ਗਈ ਅਤੇ ਉਹ ਮੁਕਾਬਲੇ ਤੋਂ ਬਾਹਰ ਹੋ ਗਿਆ। ਚੋਪੜਾ ਪੰਜ ਕੋਸ਼ਿਸ਼ਾਂ ਵਿਚੋਂ ਇੱਕ ਵਾਰ ਵੀ 85 ਮੀਟਰ ਦਾ ਅੰਕੜਾ ਪਾਰ ਨਾ ਸਕਿਆ। ਸਿਖਰਲੇ ਛੇ ਖਿਡਾਰੀ ਛੇਵੇਂ ਤੇ ਆਖਰੀ ਰਾਊਂਡ ’ਚ ਪਹੁੰਚੇ ਜਿੱਥੇ ਸਚਿਨ ਯਾਦਵ ਨੇ ਭਾਰਤ ਦੀ ਨੁਮਾਇੰਦਗੀ ਕੀਤੀ। ਸਚਿਨ ਨੇ ਪਹਿਲੀ ਕੋਸ਼ਿਸ਼ ’ਚ 86.27 ਮੀਟਰ ਥ੍ਰੋਅ ਕੀਤੀ ਸੀ, ਜੋ ਉਸ ਦਾ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ ਸੀ। ਉਹ ਜਰਮਨੀ ਦੇ ਜੂਲੀਅਨ ਵੈਬਰ (86.11 ਮੀਟਰ) ਅਤੇ ਪਾਕਿਸਤਾਨ ਦੇ ਅਰਸ਼ਦ ਨਦੀਮ (82.75 ਮੀਟਰ) ਤੋਂ ਅੱਗੇ ਰਿਹਾ। ਵਿਸ਼ਵ ਚੈਂਪੀਅਨਸ਼ਿਪ ’ਚ ਪਿਛਲੀ ਵਾਰ ਕਾਂਸੇ ਦਾ ਤਗ਼ਮਾ ਜੇਤੂ ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਚੌਥੇ ਰਾਊਂਡ ਮਗਰੋਂ ਬਾਹਰ ਹੋ ਗਿਆ ਸੀ।