ਨਾਮਧਾਰੀ ਅਕੈਡਮੀ ਨੇ ਸ਼ਾਹਬਾਦ ਨੂੰ ਹਰਾਇਆ
ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਪੰਜਵੇਂ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ (ਅੰਡਰ-19) ਦੇ ਤੀਜੇ ਦਿਨ ਤੀਜੇ ਗੇੜ ਦੇ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਟੂਰਨਾਮੈਂਟ ਦੇ ਤੀਜੇ ਦਿਨ ਦਾ ਉਦਘਾਟਨ ‘ਮਿਸ਼ਨ 13-13’ ਦੇ ਚੇਅਰਮੈਨ ਹਰਜੀਤ ਸਿੰਘ ਸੱਭਰਵਾਲ ਨੇ ਕੀਤਾ। ਪ੍ਰਧਾਨਗੀ ਓਲੰਪੀਅਨ ਸੰਜੀਵ ਕੁਮਾਰ ਡਾਂਗ ਅਤੇ ਸੂਫ਼ੀ ਗਾਇਕ ਬਲਬੀਰ ਨੇ ਕੀਤੀ। ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਹੋਏ ਮੁਕਾਬਲਿਆਂ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ (ਮਿਸਲ ਨਿਸ਼ਾਨਾਂਵਾਲੀ), ਰਾਊਂਡ ਗਲਾਸ ਅਕੈਡਮੀ (ਮਿਸਲ ਡੱਲੇਵਾਲੀਆ) ਤੇ ਸੰਗਰੂਰ ਹਾਕੀ ਕਲੱਬ (ਮਿਸਲ ਰਾਮਗੜ੍ਹੀਆ) ਨੇ ਜਿੱਤਾਂ ਦਰਜ ਕੀਤੀਆਂ। ਪਹਿਲੇ ਮੈਚ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ (ਮਿਸਲ ਨਿਸ਼ਾਨਾਂਵਾਲੀ) ਨੇ ਸ਼ਾਹਬਾਦ ਹਾਕੀ ਅਕੈਡਮੀ (ਮਿਸਲ ਫੂਲਕੀਆ) ਨੂੰ 2-1 ਨਾਲ ਹਰਾਇਆ। ਜੇਤੂ ਟੀਮ ਦੇ ਬਿਹਾਰਾ ਸਿੰਘ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੂਜਾ ਮੈਚ ਬਹੁਤ ਰੋਮਾਂਚਕ ਰਿਹਾ ਜਿਸ ਵਿੱਚ ਰਾਊਂਡ ਗਲਾਸ ਅਕੈਡਮੀ (ਮਿਸਲ ਡੱਲੇਵਾਲੀਆ) ਨੇ ਐੱਸ ਜੀ ਪੀ ਸੀ ਅਕੈਡਮੀ (ਮਿਸਲ ਸ਼ੁਕਰਚੱਕੀਆ) ਨੂੰ 4-3 ਗੋਲਾਂ ਨਾਲ ਮਾਤ ਦਿੱਤੀ। ਰਾਊਂਡ ਗਲਾਸ ਦੇ ਉਤਰਕਾਸ਼ ਸਿੰਘ ਨੂੰ ‘ਮੈਨ ਆਫ ਦਿ ਮੈਚ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।
ਤੀਜੇ ਅਤੇ ਆਖਰੀ ਮੈਚ ਵਿੱਚ ਸੰਗਰੂਰ ਹਾਕੀ ਕਲੱਬ (ਮਿਸਲ ਰਾਮਗੜ੍ਹੀਆ) ਨੇ ਐੱਮ ਬੀ ਐੱਸ ਹਾਕੀ ਅਕੈਡਮੀ ਜੰਮੂ (ਮਿਸਲ ਸਿੰਘ ਸ਼ਹੀਦਾਂ) ਨੂੰ 8-1 ਦੇ ਵੱਡੇ ਫ਼ਰਕ ਨਾਲ ਹਰਾਇਆ ਦਿੱਤਾ। ਜੇਤੂ ਟੀਮ ਦੇ ਪਰਮਪ੍ਰੀਤ ਸਿੰਘ ਨੂੰ ‘ਮੈਨ ਆਫ ਦਿ ਮੈਚ’ ਦਾ ਐਵਾਰਡ ਮਿਲਿਆ।
