ਮੋਗੇ ਦੀ ਹਰਮਨ ਨੇ ਜਿੱਤਿਆ ਹਰ ਮਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਜੱਦੀ ਸ਼ਹਿਰ ਮੋਗਾ ਵਿੱਚ ਖੁਸ਼ੀ ਦਾ ਮਾਹੌਲ ਹੈ। ਵੱਡੀ ਗਿਣਤੀ ਕ੍ਰਿਕਟ ਪ੍ਰੇਮੀ ਤਿਰੰਗਾ ਲਹਿਰਾਉਂਦੇ ਅਤੇ ਪਟਾਕੇ ਚਲਾਉਂਦੇ ਮੋਗਾ ਦੇ ਗੁਰੂ ਨਾਨਕ ਕਾਲਜ ਦੇ ਮੈਦਾਨ ਵਿੱਚ ਪਹੁੰਚੇ ਜਿੱਥੇ ਹਰਮਨਪ੍ਰੀਤ ਕੌਰ ਨੇ ਆਪਣੇ ਬਚਪਨ ਵਿੱਚ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ। ਹਰਮਨਪ੍ਰੀਤ ਦੇ ਪਿਤਾ ਹਰਿਮੰਦਰ ਸਿੰਘ ਦੇ ਕਰੀਬੀ ਦੋਸਤ ਅਤੇ ਕ੍ਰਿਕਟ ਪ੍ਰੇਮੀ ਗੋਵਰਧਨ ਸ਼ਰਮਾ ਨੇ ਕਿਹਾ, ‘‘ਹਰਮਨ ਨੇ ਇਤਿਹਾਸ ਰਚ ਦਿੱਤਾ ਹੈ। ਇਹ ਨਾ ਸਿਰਫ਼ ਭਾਰਤੀ ਕ੍ਰਿਕਟ ਲਈ, ਸਗੋਂ ਮੋਗਾ ਲਈ ਸ਼ਾਨਦਾਰ ਦਿਨ ਹੈ। ਅਸੀਂ ਉਸ ਨੂੰ ਇੱਥੇ ਖੇਤਾਂ ਵਿੱਚ ਖੇਡਦਿਆਂ ਤੇ ਵੱਡੇ ਹੁੰਦੇ ਦੇਖਿਆ ਹੈ। ਅੱਜ ਉਸ ਨੇ ਦੁਨੀਆ ਨੂੰ ਦਿਖਾਇਆ ਹੈ ਕਿ ਸੱਚਾ ਦ੍ਰਿੜ ਇਰਾਦਾ ਕੀ ਹੁੰਦਾ ਹੈ।’’ ਹਰਮਨਪ੍ਰੀਤ ਦੀ ਬਚਪਨ ਦੀ ਦੋਸਤ ਅੰਜਲੀ ਗੁਪਤਾ ਨੇ ਕਿਹਾ ਕਿ ਮੋਗਾ ਪੰਜਾਬ ਦਾ ਸ਼ਾਂਤ ਸ਼ਹਿਰ ਹੈ ਜੋ ਹੁਣ ਦੁਨੀਆ ਦੇ ਨਕਸ਼ੇ ’ਤੇ ਚਮਕ ਰਿਹਾ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਹਰਮਨ ਅਕਸਰ ਮੁੰਡਿਆਂ ਨਾਲ ਖੇਡਦੀ ਸੀ। ਉਸ ਨੇ ਕ੍ਰਿਕਟ ਦੀ ਕੋਚਿੰਗ ਲਈ ਮੀਲਾਂ ਦਾ ਸਫ਼ਰ ਤੈਅ ਕੀਤਾ। ਸੀਮਤ ਬੁਨਿਆਦੀ ਢਾਂਚੇ ਦੇ ਬਾਵਜੂਦ ਉਸ ਦੇ ਅਣਥੱਕ ਜਨੂੰਨ ਅਤੇ ਪਰਿਵਾਰ ਦੇ ਅਟੁੱਟ ਸਮਰਥਨ ਨੇ ਉਸ ਦੇ ਸੁਪਨੇ ਨੂੰ ਜਿਊਂਦਾ ਰੱਖਿਆ। ਸਥਾਨਕ ਕ੍ਰਿਕਟ ਅਕੈਡਮੀਆਂ ਹਰਮਨ ਦੀ ਘਰ ਵਾਪਸੀ ’ਤੇ ਉਸ ਦੇ ਸਨਮਾਨ ਲਈ ਸਮਾਗਮਾਂ ਦੀਆਂ ਵਿਉਂਤਾਂ ਘੜ ਰਹੀਆਂ ਹਨ। ਮੋਗਾ ਦੇ ਕ੍ਰਿਕਟ ਖਿਡਾਰੀ ਆਕਾਸ਼ਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਕੁੜੀਆਂ ਦੀ ਪੀੜ੍ਹੀ ਲਈ ਹਰਮਨਪ੍ਰੀਤ ਦੀ ਜਿੱਤ ਇੱਕ ਕੱਪ ਤੋਂ ਵੱਧ ਹੈ। ਇਹ ਇੱਕ ਪ੍ਰੇਰਨਾ ਹੈ। ਇਹ ਸਾਬਤ ਕਰਦਾ ਹੈ ਕਿ ਮੋਗਾ ਵਰਗੇ ਛੋਟੇ ਸ਼ਹਿਰਾਂ ਤੋਂ ਵੀ ਵਿਸ਼ਵ ਚੈਂਪੀਅਨ ਉੱਠ ਸਕਦੇ ਹਨ, ਬੱਸ ਹਿੰਮਤ, ਦ੍ਰਿੜ੍ਹਤਾ ਅਤੇ ਖੇਡ ਲਈ ਅਟੱਲ ਪਿਆਰ ਦੀ ਲੋੜ ਹੈ।
