Messi event chaos ਮੁੱਖ ਪ੍ਰਬੰਧਕ ਸਤਾਦਰੂ ਦੱਤਾ ਨੂੰ 14 ਦਿਨਾ ਪੁਲੀਸ ਹਿਰਾਸਤ ’ਚ ਭੇਜਿਆ
ਇੱਥੋਂ ਦੀ ਇੱਕ ਅਦਾਲਤ ਨੇ ਸਾਲਟ ਲੇਕ ਸਟੇਡੀਅਮ ਵਿੱਚ ਲਿਓਨਲ ਮੈਸੀ ਫੁਟਬਾਲ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਸਤਾਦਰੂ ਦੱਤਾ (Satadru Datta) ਨੂੰ 14 ਦਿਨਾਂ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਸ਼ਨਿੱਚਰਵਾਰ ਨੂੰ ਸਟੇਡੀਅਮ ਵਿਚ ਮੈਸੀ ਦੇ ਸਮਾਗਮ ਦੌਰਾਨ ਪ੍ਰਸ਼ੰਸਕਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਸੀ। ਦੱਤਾ ਨੂੰ ਇਸ ਪ੍ਰੋਗਰਾਮ ਦੇ ‘ਮਾੜੇ ਪ੍ਰਬੰਧ’ ਲਈ ਸ਼ਨਿੱਚਰਵਾਰ ਨੂੰ ਵਿਧਾਨਨਗਰ ਪੁਲੀਸ ਨੇ ਕੋਲਕਾਤਾ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ। ਦੱਤਾ ਅਰਜਨਟੀਨਾ ਦੇ ਫੁਟਬਾਲਰ ਮੈਸੀ ਅਤੇ ਉਸ ਦੇ ਸਾਥੀਆਂ ਨੂੰ ਹੈਦਰਾਬਾਦ ਜਾਣ ਲਈ ਵਿਦਾਇਗੀ ਦੇਣ ਵਾਸਤੇ ਹਵਾਈ ਅੱਡੇ ’ਤੇ ਗਿਆ ਸੀ। ਦੱਤਾ ਵੱਲੋਂ ਪੇਸ਼ ਹੋਏ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਮੁਵੱਕਿਲ ਨੂੰ ‘ਫਸਾਇਆ’ ਜਾ ਰਿਹਾ ਹੈ। ਸਾਨੂੰ ਉਮੀਦ ਹੈ ਕਿ ਅਗਲੇ 14 ਦਿਨਾਂ ਵਿੱਚ ਪੁਲੀਸ ਜਾਂਚ ਵਿਚ ਵਧੇਰੇ ਸਪੱਸ਼ਟਤਾ ਲਿਆਏਗੀ।’’
ਜਦੋਂ ਦੱਤਾ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਤਾਂ ਭਾਜਪਾ ਸਮਰਥਕਾਂ ਨੇ ਅਦਾਲਤ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਕਾਬਿਲੇਗੌਰ ਹੈ ਕਿ ਸ਼ਨਿੱਚਰਵਾਰ ਨੂੰ ਮੈਸੀ ਦੀ ਇਕ ਝਲਕ ਦੇਖਣ ਲਈ ਜੁੜੇ ਪ੍ਰਸ਼ੰਸਕ ਉਥੇ ਮਾੜੇ ਪ੍ਰਬੰਧਾਂ ਕਰਕੇ ਭੜਕ ਗਏ ਤੇ ਉਨ੍ਹਾਂ ਸਟੇਡੀਅਮ ਵਿਚ ਭੰਨ ਤੋੜ ਕੀਤੀ। ਪੁਲੀਸ ਨੂੰ ਹਾਲਾਤ ਕਾਬੂ ਹੇਠ ਲਿਆਉਣ ਲਈ ਸਖ਼ਤੀ ਕਰਨੀ ਪਈ।
