ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਨੂ ਭਾਕਰ ਅੱਜ ਤਗ਼ਮੇ ਲਈ ਲਾਏਗੀ ਨਿਸ਼ਾਨਾ

ਚੈਟੋਰੌਕਸ (ਫਰਾਂਸ), 27 ਜੁਲਾਈ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਮਹਿਲਾ ਏਅਰ ਪਿਸਟਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤੋਂ ਪਹਿਲਾਂ ਏਅਰ ਰਾਈਫਲ ਮਿਕਸਡ ਟੀਮ ਵਿੱਚ ਰਮਿਤਾ ਜਿੰਦਲ ਅਤੇ ਅਰਜੁਨ ਬਾਬੂਤਾ ਤੇ ਪੁਰਸ਼ 10 ਮੀਟਰ ਏਅਰ ਪਿਸਟਲ...
ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਹਿੱਸਾ ਲੈਂਦੀ ਹੋਈ ਮਨੂ ਭਾਕਰ ਅਤੇ (ਸੱਜੇ) ਰਮਿਤਾ ਜਿੰਦਲ। -ਫੋਟੋਆਂ: ਪੀਟੀਆਈ
Advertisement

ਚੈਟੋਰੌਕਸ (ਫਰਾਂਸ), 27 ਜੁਲਾਈ

ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ 10 ਮੀਟਰ ਮਹਿਲਾ ਏਅਰ ਪਿਸਟਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤੋਂ ਪਹਿਲਾਂ ਏਅਰ ਰਾਈਫਲ ਮਿਕਸਡ ਟੀਮ ਵਿੱਚ ਰਮਿਤਾ ਜਿੰਦਲ ਅਤੇ ਅਰਜੁਨ ਬਾਬੂਤਾ ਤੇ ਪੁਰਸ਼ 10 ਮੀਟਰ ਏਅਰ ਪਿਸਟਲ ਵਰਗ ਵਿੱਚ ਸਰਬਜੋਤ ਸਿੰਘ ਅਤੇ ਅਰਜੁਨ ਸਿੰਘ ਚੀਮਾ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਅਤੇ ਉਹ ਅਗਲੇ ਗੇੜ ’ਚ ਨਹੀਂ ਪਹੁੰਚ ਸਕੇ।

Advertisement

22 ਸਾਲਾ ਭਾਕਰ ਨੇ ਕੁਆਲੀਫਿਕੇਸ਼ਨ ਗੇੜ ਵਿੱਚ 580 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਹੰਗਰੀ ਦੀ ਨਿਸ਼ਾਨੇਬਾਜ਼ ਵਿਰੋਨਿਕਾ ਮੇਜਰ 582 ਅੰਕਾਂ ਨਾਲ ਸਿਖਰ ’ਤੇ ਰਹੀ। ਇਸੇ ਵਰਗ ਵਿੱਚ ਭਾਰਤ ਦੀ ਦੂਜੀ ਨਿਸ਼ਾਨੇਬਾਜ਼ ਰਿਧਮ ਸਾਂਗਵਾਨ 573 ਅੰਕਾਂ ਨਾਲ 15ਵੇਂ ਸਥਾਨ ’ਤੇ ਰਹੀ। ਇਸ ਦਾ ਫਾਈਨਲ ਭਲਕੇ ਐਤਵਾਰ ਨੂੰ ਖੇਡਿਆ ਜਾਵੇਗਾ। ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਆਪਣੇ ਪਹਿਲੇ ਓਲੰਪਿਕ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਕਰ ਤਗ਼ਮਾ ਜਿੱਤਣਾ ਚਾਹੇਗੀ। ਪਿਸਟਲ ਖ਼ਰਾਬ ਹੋਣ ਕਾਰਨ ਉਹ ਟੋਕੀਓ ਵਿੱਚ ਆਪਣੀ ਮੁਹਿੰਮ ਅੱਗੇ ਨਹੀਂ ਵਧਾ ਸਕੀ ਸੀ। ਹਰਿਆਣਾ ਦੀ ਇਹ ਨਿਸ਼ਾਨੇਬਾਜ਼ ਪਹਿਲੀਆਂ ਦੋ ਸੀਰੀਜ਼ ਵਿਚ 97-97 ਦੇ ਸਕੋਰ ਨਾਲ ਚੌਥੇ ਸਥਾਨ ’ਤੇ ਰਹੀ। ਉਹ ਤੀਜੀ ਸੀਰੀਜ਼ ਵਿੱਚ 98 ਅੰਕਾਂ ਨਾਲ ਸਿਖਰਲੇ ਦੋ ਵਿੱਚ ਪਹੁੰਚ ਗਈ ਸੀ। ਉਸ ਨੇ ਪੰਜਵੀਂ ਸੀਰੀਜ਼ ਵਿੱਚ ਅੱਠ ਅੰਕਾਂ ਦਾ ਨਿਸ਼ਾਨਾ ਲਾਇਆ ਪਰ ਉਹ ਇਸ ਤੋਂ ਬਾਅਦ ਸਟੀਕ ਨਿਸ਼ਾਨਾ ਲਾਉਣ ’ਚ ਕਾਮਯਾਬ ਰਹੀ।

ਇਸੇ ਤਰ੍ਹਾਂ ਭਾਰਤੀ ਨਿਸ਼ਾਨੇਬਾਜ਼ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ ਗੇੜ ’ਚੋਂ ਬਾਹਰ ਹੋ ਗਏ ਸਨ। ਇਸ ਈਵੈਂਟ ਵਿੱਚ ਦੋ ਭਾਰਤੀ ਜੋੜੀਆਂ ਨੇ ਹਿੱਸਾ ਲਿਆ ਸੀ। ਰਮਿਤਾ ਜਿੰਦਲ ਅਤੇ ਅਰਜੁਨ ਬਾਬੂਤਾ 628.7 ਦੇ ਕੁੱਲ ਸਕੋਰ ਨਾਲ ਛੇਵੇਂ ਸਥਾਨ ’ਤੇ ਰਹੇ ਜਦਕਿ ਇਲਾਵੇਨਿਲ ਵਲਾਰੀਵਨ ਅਤੇ ਸੰਦੀਪ ਸਿੰਘ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ ’ਤੇ ਰਹੇ।

ਰਮਿਤਾ ਅਤੇ ਅਰਜੁਨ ਦੀ ਜੋੜੀ ਨੇ ਇੱਕ ਵਾਰ ਉਮੀਦ ਜਗਾਈ ਸੀ ਪਰ ਆਪਣੀ ਖੇਡ ਨੂੰ ਬਰਕਰਾਰ ਨਹੀਂ ਰੱਖ ਸਕੀ। ਭਾਰਤੀ ਜੋੜੀ ਤਿੰਨ ਸ਼ਾਟ ਬਾਕੀ ਰਹਿੰਦਿਆਂ ਪੰਜਵੇਂ ਸਥਾਨ ’ਤੇ ਸੀ ਪਰ ਅੰਤ ਵਿੱਚ ਤਗ਼ਮਾ ਗੇੜ ਦੇ ਕਟ-ਆਫ ਤੋਂ 1.0 ਅੰਕ ਪਿੱਛੇ ਰਹਿ ਗਈ। ਅਰਜੁਨ ਨੇ ਦੂਜੀ ਸੀਰੀਜ਼ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 10.5, 10.6, 10.5, 10.9 ਦਾ ਸਕੋਰ ਬਣਾਇਆ। ਰਮਿਤਾ ਨੇ ਦੂਜੀ ਸੀਰੀਜ਼ ’ਚ 10.2, 10.7, 10.3, 10.1 ਦਾ ਸਕੋਰ ਕੀਤਾ। ਇਸ ਨਾਲ ਇਹ ਜੋੜੀ ਸਿਖਰਲੇ ਅੱਠ ’ਚ ਪਹੁੰਚ ਗਈ ਪਰ ਇਹ ਸਕੋਰ ਤਗ਼ਮਾ ਗੇੜ ਵਿੱਚ ਜਗ੍ਹਾ ਬਣਾਉਣ ਲਈ ਕਾਫੀ ਨਹੀਂ ਸੀ। ਤਗ਼ਮਾ ਗੇੜ ਵਿੱਚ ਪਹੁੰਚਣ ਲਈ ਸਿਖਰਲੇ ਚਾਰ ਵਿੱਚ ਜਗ੍ਹਾ ਬਣਾਉਣੀ ਜ਼ਰੂਰੀ ਸੀ। ਚੀਨ, ਕੋਰੀਆ ਅਤੇ ਕਜ਼ਾਖਸਤਾਨ ਦੀਆਂ ਟੀਮਾਂ ਕੁਆਲੀਫਿਕੇਸ਼ਨ ਗੇੜ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ। -ਪੀਟੀਆਈ

ਸਰਬਜੋਤ ਬਰਾਬਰੀ ’ਤੇ ਰਹਿ ਕੇ ਵੀ ਫਾਈਨਲ ’ਚ ਪਹੁੰਚਣ ਤੋਂ ਖੁੰਝਿਆ

ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਦੇ ਕੁਆਲੀਫਾਇਰ ਵਿੱਚ ਸਰਬਜੋਤ ਸਿੰਘ 577 ਦੇ ਕੁੱਲ ਸਕੋਰ ਨਾਲ ਨੌਵੇਂ ਸਥਾਨ ’ਤੇ ਜਦਕਿ ਅਰਜੁਨ ਸਿੰਘ ਚੀਮਾ 574 ਦੇ ਸਕੋਰ ਨਾਲ 18ਵੇਂ ਸਥਾਨ ’ਤੇ ਰਿਹਾ। ਸਿਖਰਲੇ ਅੱਠ ਸਥਾਨਾਂ ’ਤੇ ਰਹਿਣ ਵਾਲੇ ਨਿਸ਼ਾਨੇਬਾਜ਼ ਅਗਲੇ ਗੇੜ ਵਿੱਚ ਪਹੁੰਚਦੇ ਹਨ। ਅੱਠਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਉਣ ਵਾਲੇ ਜਰਮਨੀ ਦੇ ਰੌਬਿਨ ਵਾਲਟਰ ਦਾ ਸਕੋਰ ਵੀ 577 ਸੀ ਪਰ ਉਸ ਨੇ ਸਰਬਜੋਤ ਦੇ 16 ਦੇ ਮੁਕਾਬਲੇ 17 ਸਟੀਕ ਸ਼ਾਟ ਲਗਾਏ ਸਨ। ਸਰਬਜੋਤ ਚੌਥੀ ਸੀਰੀਜ਼ ’ਚ ਪੂਰੇ 100 ਅੰਕ ਲੈਣ ਤੋਂ ਬਾਅਦ ਸਿਖਰਲੇ ਤਿੰਨ ਵਿੱਚ ਪਹੁੰਚ ਗਿਆ ਸੀ ਪਰ 22 ਸਾਲਾ ਇਹ ਨਿਸ਼ਾਨੇਬਾਜ਼ ਲੈਅ ਬਰਕਰਾਰ ਨਹੀਂ ਰੱਖ ਸਕਿਆ ਅਤੇ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਿਆ। ਚੀਮਾ ਵੀ ਇਕ ਵੇਲੇ ਚੌਥੇ ਸਥਾਨ ’ਤੇ ਚੱਲ ਰਿਹਾ ਸੀ ਪਰ ਉਹ ਵੀ ਇਹ ਲੈਅ ਕਾਇਮ ਨਹੀਂ ਰੱਖ ਸਕਿਆ। ਚੀਮਾ ਅਤੇ ਸਰਬਜੋਤ ਦੋਵੇਂ ਉਸ ਭਾਰਤੀ ਟੀਮ ਦਾ ਹਿੱਸਾ ਸਨ ਜਿਸ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਵਰਗ ਵਿੱਚ ਸੋਨ ਤਗਮਾ ਜਿੱਤਿਆ ਸੀ।

Advertisement
Show comments