ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਸ਼ੁਰੂ
ਇੱਥੇ ਬੀ ਐੱਸ ਐੱਫ ਐਸਟਰੋਟਰਫ ਮੈਦਾਨ ’ਚ 25ਵੇਂ ਓਲੰਪੀਅਨ ਮਹਿੰਦਰ ਸਿੰਘ ਮੁਨਸ਼ੀ ਹਾਕੀ ਟੂਰਨਾਮੈਂਟ ਦਾ ਆਗਾਜ਼ ਹੋ ਗਿਆ ਹੈ। ਟੂਰਨਾਮੈਂਟ ਦਾ ਉਦਘਾਟਨ ਜੀ ਐੱਸ ਟੀ ਵਿਭਾਗ ਦੇ ਕਮਿਸ਼ਨਰ ਸੈਂਟਰਲ ਕੁਮਾਰ ਗੌਰਵ ਨੇ ਕੀਤਾ। ਪਹਿਲੇ ਦਿਨ ਖੇਡੇ ਗਏ ਮੈਚਾਂ ਵਿੱਚ ਆਰਮੀ ਬੁਆਇਜ਼ ਬੰਗਲੁਰੂ, ਹਾਬੜੀ ਕਲੱਬ ਕੈਥਲ, ਮੇਜਰ ਧਿਆਨ ਚੰਦ ਅਕੈਡਮੀ ਸੇਫਈ ਅਤੇ ਸਾਈ ਦਿੱਲੀ ਦੀਆਂ ਟੀਮਾਂ ਵੱਲੋਂ ਜਿੱਤਾਂ ਦਰਜ ਕੀਤੀਆਂ ਗਈਆਂ।
ਪਹਿਲੇ ਮੈਚ ਵਿੱਚ ਆਰਮੀ ਬੁਆਇਜ਼ ਬੰਗਲੁਰੂ ਨੇ ਦਸ਼ਮੇਸ਼ ਕਲੱਬ ਢੁਡੀਕੇ ਨੂੰ 6-0 ਨਾਲ ਹਰਾਇਆ। ਜੇਤੂ ਟੀਮ ਦੇ ਅਰਜੁਨ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਦੂਜੇ ਮੈਚ ਵਿੱਚ ਹਾਬੜੀ ਕਲੱਬ ਕੈਥਲ ਨੇ ਜਰਖੜ ਅਕੈਡਮੀ ਨੂੰ 7-0 ਨਾਲ ਹਰਾਇਆ। ਜੇਤੂ ਟੀਮ ਵੱਲੋਂ ਅੰਕੁਰ ਰੋਰ ਨੇ ਤਿੰਨ ਗੋਲ ਕਰਕੇ ਹੈਟ੍ਰਿਕ ਬਣਾਈ। ਕੈਥਲ ਦੇ ਗੁਰਦਿਆਲ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਤੀਜੇ ਮੈਚ ਵਿੱਚ ਮੇਜਰ ਧਿਆਨ ਚੰਦ ਅਕੈਡਮੀ ਸੇਫਈ ਨੇ ਸੰਗਰੂਰ ਹਾਕੀ ਅਕੈਡਮੀ ਨੂੰ ਸਖ਼ਤ ਮੁਕਾਬਲੇ ਮਗਰੋਂ 3-2 ਨਾਲ ਹਰਾਇਆ। ਜੇਤੂ ਟੀਮ ਵੱਲੋਂ ਨਿਤਨ ਯਾਦਵ ਨੇ ਦੋ ਤੇ ਹਿਮਾਸ਼ੂ ਯਾਦਵ ਨੇ ਇੱਕ ਗੋਲ ਕੀਤਾ। ਸੇਫਈ ਦੇ ਰੋਮਿਤ ਪਾਲ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਚੌਥੇ ਮੈਚ ਵਿੱਚ ਸਾਈ ਦਿੱਲੀ ਨੇ ਹਿਮਾਚਲ ਅਕੈਡਮੀ ਨੂੰ 6-0 ਨਾਲ ਹਰਾਇਆ। ਲਿਸ਼ਮ ਮੈਕਸ ਸਿੰਘ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਅੱਜ ਦੇ ਮੈਚਾਂ ਦੌਰਾਨ ਸਾਹਿਬ ਸਿੰਘ ਹੁੰਦਲ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਓਲੰਪੀਅਨ ਦਵਿੰਦਰ ਸਿੰਘ ਗਰਚਾ, ਸੁਖਵਿੰਦਰ ਸਿੰਘ, ਕੌਮਾਂਤਰੀ ਖਿਡਾਰੀ ਦਲਜੀਤ ਸਿੰਘ, ਓਲੰਪੀਅਨ ਸੰਜੀਵ ਕੁਮਾਰ ਸਣੇ ਕਈ ਪਤਵੰਤੇ ਹਾਜ਼ਰ ਸਨ।
