Lords Test ਇੰਗਲੈਂਡ 387 ’ਤੇ ਆਲ ਆਊਟ, ਭਾਰਤ ਨੇ ਦੂਜੇ ਦਿਨ 145/3 ਦਾ ਸਕੋਰ ਬਣਾਇਆ
ਲੰਡਨ, 11 ਜੁਲਾਈ
ਭਾਰਤ ਨੇ ਲਾਰਡਜ਼ ਟੈਸਟ ਦੇ ਦੂਜੇ ਦਿਨ ਖੇਡ ਖ਼ਤਮ ਹੋੋਣ ਮੌਕੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 145 ਦੌੜਾਂ ਬਣਾ ਲਈਆਂ ਹਨ। ਭਾਰਤੀ ਟੀਮ ਮੇਜ਼ਬਾਨ ਇੰਗਲੈਂਡ ਨਾਲੋਂ ਅਜੇ ਵੀ 242 ਦੌੜਾਂ ਪਿੱਛੇ ਹੈ। ਕੇਐੱਲ ਰਾਹੁਲ 53 ਤੇ ਰਿਸ਼ਭ ਪੰਤ 19 ਦੌੜਾਂ ਨਾਲ ਕਰੀਜ਼ ’ਤੇ ਸਨ। ਭਾਰਤ ਨੇ ਕਪਤਾਨ ਸ਼ੁਭਮਨ ਗਿੱਲ (16), ਯਸ਼ਸਵੀ ਜੈਸਵਾਲ (13) ਤੇ ਕਰੁਣ ਨਾਇਰ (40) ਦੇ ਰੂਪ ਵਿਚ ਤਿੰਨ ਵਿਕਟਾਂ ਗੁਆਈਆਂ। ਇੰਗਲੈਂਡ ਲਈ ਜੋਫਰਾ ਆਰਚਰ, ਬੈਨ ਸਟੋਕਸ ਤੇ ਕ੍ਰਿਸ ਵੋਕਸ ਨੇ ਇਕ ਇਕ ਵਿਕਟ ਲਈ। ਜੋਫ਼ਰਾ ਆਰਚਰ ਫਰਵਰੀ 2021 ਮਗਰੋਂ ਆਪਣਾ ਪਹਿਲਾ ਟੈਸਟ ਮੈਚ ਖੇਡ ਰਿਹਾ ਹੈ।
ਇਸ ਤੋਂ ਪਹਿਲਾਂ ਅੱਜ ਦਿਨੇਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੱਲੋਂ 74 ਦੌੜਾਂ ਬਦਲੇ ਲਏ ਪੰਜ ਵਿਕਟਾਂ ਦੀ ਬਦੌਲਤ ਭਾਰਤ ਨੇ ਇੰਗਲੈਂਡ ਦੀ ਪਹਿਲੀ ਪਾਰੀ 387 ਦੌੜਾਂ ’ਤੇ ਸਮੇਟ ਦਿੱਤੀ। ਇੰਗਲੈਂਡ ਲਈ ਜੋਅ ਰੂਟ(104) ਨੇ ਸੈਂਕੜਾ ਜੜਿਆ। ਹੋਰਨਾਂ ਬੱਲੇਬਾਜ਼ਾਂ ਵਿਚ ਕਪਤਾਨ ਬੈੱਨ ਸਟੋਕਸ ਨੇ 44, ਵਿਕਟਕੀਪਰ ਬੱਲੇਬਾਜ਼ ਜੈਮੀ ਸਮਿੱਥ ਨੇ 51 ਤੇ ਬ੍ਰਾਈਡਨ ਕਾਰਸ ਨੇ 56 ਦੌੜਾਂ ਦਾ ਯੋਗਦਾਨ ਪਾਇਆ। ਪੰਜ ਟੈਸਟ ਮੈਚਾਂ ਦੀ ਲੜੀ ਫਿਲਹਾਲ 1-1 ਨਾਲ ਬਰਾਬਰ ਹੈ। -ਪੀਟੀਆਈ