ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਕਸ਼ੈ ਸੇਨ ਆਸਟਰੇਲੀਅਨ ਓਪਨ ਦੇ ਫਾਈਨਲ ’ਚ

ਸੈਮੀਫਾਈਨਲ ’ਚ ਚੀਨੀ ਤਾਇਪੇ ਦੇ ਚੇਨ ਨੂੰ ਹਰਾਇਆ
Advertisement
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਸਟਰੇਲੀਅਨ ਓਪਨ ਸੁਪਰ 500 ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਿਡਨੀ ਵਿੱਚ ਖੇਡੇ ਗਏ ਰੋਮਾਂਚਕ ਸੈਮੀਫਾਈਨਲ ਮੁਕਾਬਲੇ ਵਿੱਚ ਉਸ ਨੇ ਵਿਸ਼ਵ ਦੇ 6ਵੇਂ ਨੰਬਰ ਦੇ ਖਿਡਾਰੀ ਚੀਨੀ ਤਾਇਪੇ ਦੇ ਚੋ ਤਿਏਨ ਚੇਨ ਨੂੰ ਤਿੰਨ ਗੇਮਾਂ ਵਿੱਚ ਹਰਾਇਆ। 24 ਸਾਲਾ ਲਕਸ਼ੈ ਨੇ ਪਹਿਲੀ ਗੇਮ ਹਾਰਨ ਦੇ ਬਾਵਜੂਦ ਸ਼ਾਨਦਾਰ ਖੇਡ ਦਿਖਾਈ ਅਤੇ 86 ਮਿੰਟ ਤੱਕ ਚੱਲੇ ਮੈਚ ਵਿੱਚ 17-21, 24-22, 21-16 ਨਾਲ ਜਿੱਤ ਦਰਜ ਕੀਤੀ।

ਮੈਚ ਦੀ ਸ਼ੁਰੂਆਤ ਵਿੱਚ ਚੇਨ ਭਾਰਤੀ ਖਿਡਾਰੀ ’ਤੇ ਭਾਰੂ ਨਜ਼ਰ ਆਇਆ। ਉਸ ਨੇ ਆਪਣੀ ਸਟੀਕ ਸ਼ਾਟ ਚੋਣ ਅਤੇ ਤੇਜ਼ ਸਮੈਸ਼ਾਂ ਨਾਲ ਲਕਸ਼ੈ ਨੂੰ ਦਬਾਅ ਵਿੱਚ ਰੱਖਿਆ ਅਤੇ ਪਹਿਲੀ ਗੇਮ 21-17 ਨਾਲ ਜਿੱਤ ਲਈ। ਦੂਜੀ ਗੇਮ ਵਿੱਚ ਵੀ ਮੁਕਾਬਲਾ ਸਖ਼ਤ ਰਿਹਾ। ਇੱਕ ਸਮੇਂ ਚੇਨ ਕੋਲ ਦੋ ਮੈਚ ਪੁਆਇੰਟ ਸਨ, ਪਰ ਲਕਸ਼ੈ ਨੇ ਹਾਰ ਨਾ ਮੰਨੀ। ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਸਕੋਰ 20-20 ਨਾਲ ਬਰਾਬਰ ਕੀਤਾ ਅਤੇ ਫਿਰ ਤੀਜਾ ਮੈਚ ਪੁਆਇੰਟ ਵੀ ਬਚਾਇਆ। ਅੰਤ ਵਿੱਚ ਲਕਸ਼ੈ ਨੇ ਲਗਾਤਾਰ ਅੰਕ ਲੈ ਕੇ ਦੂਜੀ ਗੇਮ 24-22 ਨਾਲ ਆਪਣੇ ਨਾਮ ਕੀਤੀ ਅਤੇ ਮੈਚ ਤੀਜੀ ਗੇਮ ਤੱਕ ਲੈ ਗਿਆ।

Advertisement

ਤੀਜੀ ਅਤੇ ਫੈਸਲਾਕੁਨ ਗੇਮ ਵਿੱਚ ਲਕਸ਼ੈ ਦੀ ਫੁਰਤੀ ਅਤੇ ਤਾਕਤ 35 ਸਾਲਾ ਚੇਨ ’ਤੇ ਭਾਰੀ ਪਈ। ਭਾਰਤੀ ਖਿਡਾਰੀ ਨੇ ਸ਼ੁਰੂਆਤ ਤੋਂ ਹੀ 6-1 ਦੀ ਲੀਡ ਬਣਾ ਲਈ। ਉਸ ਨੇ ਆਪਣੇ ਨੈੱਟ ਸ਼ਾਟਸ ਅਤੇ ਸਮੈਸ਼ਾਂ ਨਾਲ ਵਿਰੋਧੀ ਨੂੰ ਥਕਾ ਦਿੱਤਾ, ਜਿਸ ਕਾਰਨ ਚੇਨ ਨੇ ਕਈ ਗਲਤੀਆਂ ਕੀਤੀਆਂ। ਮੈਚ ਦੇ ਅਖੀਰ ਵਿੱਚ ਲਕਸ਼ੈ ਕੋਲ 8 ਮੈਚ ਪੁਆਇੰਟ ਸਨ। ਹਾਲਾਂਕਿ ਚੇਨ ਨੇ ਚਾਰ ਅੰਕ ਬਚਾਏ, ਪਰ ਅੰਤ ਵਿੱਚ ਉਸ ਨੇ ਸ਼ਟਲ ਨੈੱਟ ਵਿੱਚ ਮਾਰ ਦਿੱਤੀ ਅਤੇ ਲਕਸ਼ੈ ਨੇ 21-16 ਨਾਲ ਗੇਮ ਅਤੇ ਮੈਚ ਜਿੱਤ ਲਿਆ।

ਹੁਣ ਐਤਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਲਕਸ਼ੈ ਦਾ ਮੁਕਾਬਲਾ ਜਪਾਨ ਦੇ ਯੂਸ਼ੀ ਤਨਾਕਾ ਜਾਂ ਚੀਨੀ ਤਾਇਪੇ ਦੇ ਲਿਨ ਚੁਨ-ਯੀ ਨਾਲ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ 2021 ਵਿੱਚ ਕਾਂਸੇ ਦਾ ਤਗ਼ਮਾ ਜੇਤੂ ਲਕਸ਼ੈ ਇਸ ਸਾਲ ਦੂਜੀ ਵਾਰ ਫਾਈਨਲ ਵਿੱਚ ਪਹੁੰਚਿਆ ਹੈ। ਇਸ ਤੋਂ ਪਹਿਲਾਂ ਉਹ ਹਾਂਗਕਾਂਗ ਓਪਨ ਦੇ ਫਾਈਨਲ ਵਿੱਚ ਪੁੱਜਿਆ ਸੀ। ਜੇ ਉਹ ਇਹ ਖਿਤਾਬ ਜਿੱਤਦੇ ਹਨ ਤਾਂ ਇਹ ਇਸ ਸੀਜ਼ਨ ਦਾ ਉਸ ਦਾ ਪਹਿਲਾ ਖਿਤਾਬ ਹੋਵੇਗਾ।

 

 

Advertisement
Show comments