ਮੈਸੀ ਮੇਨੀਆ ਵਿਚ ਰੰਗਿਆ ਕੋਲਕਾਤਾ; ਹਜ਼ਾਰਾਂ ਪ੍ਰਸ਼ੰਸਕਾਂ ਵੱਲੋਂ ਹਵਾਈ ਅੱਡੇ ’ਤੇ ਸ਼ਾਨਦਾਰ ਸਵਾਗਤ
ਅਰਜਨਟੀਨਾ ਦਾ ਸੁਪਰਸਟਾਰ ਫੁਟਬਾਲਰ ਲਿਓਨਲ ਮੈਸੀ (Lionel Messi) ਤਿੰਨ ਦਿਨਾ ਭਾਰਤ ਦੌਰੇ ਲਈ ਸ਼ਨਿੱਚਰਵਾਰ ਵੱਡੇ ਤੜਕੇ ਢਾਈ ਵਜੇ ਦੇ ਕਰੀਬ ਕੋਲਕਾਤਾ ਪਹੁੰਚਿਆ। ਠੰਢ ਦੇ ਬਾਵਜੂਦ ਅੱਧੀ ਰਾਤ ਤੋਂ ਹਵਾਈ ਅੱਡੇ ਦੇ ਬਾਹਰ ਉਡੀਕ ਕਰ ਰਹੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਮੈਸੀ ਦਾ ਸ਼ਾਨਦਾਰ ਸਵਾਗਤ ਕੀਤਾ। ਇਹ ਸਟਾਰ ਫੁਟਬਲਾਰ ਤਿੰਨ ਦਿਨਾ ਫੇਰੀ ਦੌਰਾਨ GOAT India Tour 2025 ਤਹਿਤ ਚਾਰ ਸ਼ਹਿਰਾਂ (ਕੋਲਕਾਤਾ, ਹੈਦਰਾਬਾਦ, ਮੁੰਬਈ ਤੇ ਦਿੱਲੀ) ਦਾ ਦੌਰਾ ਕਰੇਗਾ। ਮੈਸੀ ਵੱਲੋਂ ਦੌਰੇ ਦੇ ਪਹਿਲੇ ਪੜਾਅ ਤਹਿਤ ਸ਼ਨਿੱਚਰਵਾਰ ਨੂੰ ਕੋਲਕਾਤਾ ਦੇ ਲੇਕ ਟਾਊਨ ਵਿੱਚ ਸ਼੍ਰੀਭੂਮੀ ਸਪੋਰਟਿੰਗ ਕਲੱਬ ਵਿਖੇ ਆਪਣੇ 70 ਫੁੱਟ ਉੱਚੇ ਬੁੱਤ ਦਾ ਵਰਚੁਅਲ ਉਦਘਾਟਨ ਕੀਤਾ ਜਾਵੇਗਾ। ਬੌਲੀਵੁੱਡ ਸਟਾਰ ਸ਼ਾਹਰੁਖ਼ ਖ਼ਾਨ ਸਟਾਰ ਫੁਟਬਾਲਰ ਨਾਲ ਤਜਵੀਜ਼ਤ ਮੁਲਾਕਾਤ ਲਈ ਕੋਲਕਾਤਾ ਪਹੁੰਚ ਗਿਆ ਹੈ। ਸ਼ਾਹਰੁਖ ਨਾਲ ਉਸ ਦਾ ਛੋਟਾ ਬੇਟਾ ਅਬਰਾਮ ਵੀ ਮੌਜੂਦ ਰਹੇਗਾ।
ਬਾਰਸੀਲੋਨਾ ਦਾ ਇਹ ਦਿੱਗਜ ਖਿਡਾਰੀ ਸ਼ਨਿੱਚਰਵਾਰ ਵੱਡੇ ਤੜਕੇ 2.26 ਵਜੇ ਕੋਲਕਾਤਾ ਪਹੁੰਚਿਆ। ਕੋਲਕਾਤਾ ਦੇ ਕੌਮਾਂਤਰੀ ਹਵਾਈ ਅੱਡੇ ਦਾ ਗੇਟ ਨੰਬਰ 4 ਨਾਅਰਿਆਂ, ਝੰਡਿਆਂ ਅਤੇ ਚਮਕਦੇ ਫੋਨਾਂ ਦੇ ਗੂੰਜਦੇ ਸਮੁੰਦਰ ਵਿੱਚ ਬਦਲ ਗਿਆ। ਪ੍ਰਸ਼ੰਸਕ ਆਪਣੇ ਮਨਪਸੰਦ ਸਟਾਰ ਦੀ ਇੱਕ ਝਲਕ ਪਾਉਣ ਲਈ ਬੇਤਾਬ ਸਨ।
ਭਾਰੀ ਸੁਰੱਖਿਆ ਹੇਠ ਜਦੋਂ ਮੈਸੀ ਨੂੰ ਵੀਆਈਪੀ ਗੇਟ ਰਾਹੀਂ ਬਾਹਰ ਕੱਢਿਆ ਗਿਆ ਤਾਂ ਪ੍ਰਸ਼ੰਸਕ ਢੋਲ ਵਜਾ ਰਹੇ ਸਨ। ਫਿਰ ਇੱਕ ਵੱਡੇ ਕਾਫ਼ਲੇ ਦੇ ਰੂਪ ਵਿਚ ਮੈਸੀ ਨੂੰ ਉਸ ਦੇ ਹੋਟਲ ਲਿਜਾਇਆ ਗਿਆ, ਜਿੱਥੇ ਪ੍ਰਸ਼ੰਸਕਾਂ ਦਾ ਇਕ ਵੱਡਾ ਹਜੂਮ ਉਡੀਕ ਕਰ ਰਿਹਾ ਸੀ। ਮੈਸੀ ਨਾਲ ਉਸ ਦਾ ਸਾਥੀ ਲੁਈਸ ਸੁਆਰੇਜ਼ ਅਤੇ ਅਰਜਨਟੀਨਾ ਟੀਮ ਦੇ ਸਾਥੀ ਰੌਡਰਿਗੋ ਡੀ ਪਾਲ ਵੀ ਭਾਰਤ ਪਹੁੰਚੇ ਹਨ। ਅਗਲੇ 72 ਘੰਟਿਆਂ ਵਿੱਚ ਇਹ ਤਿੰਨੋਂ ਫੁਟਬਾਲਰ ਕੋਲਕਾਤਾ, ਹੈਦਰਾਬਾਦ, ਮੁੰਬਈ ਅਤੇ ਦਿੱਲੀ ਦੀ ਆਪਣੀ ਫੇਰੀ ਦੌਰਾਨ ਮੁੱਖ ਮੰਤਰੀਆਂ, ਕਾਰਪੋਰੇਟ ਨੇਤਾਵਾਂ, ਬਾਲੀਵੁੱਡ ਮਸ਼ਹੂਰ ਹਸਤੀਆਂ ਅਤੇ ਅਖੀਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ।
ਪੱਛਮੀ ਬੰਗਾਲ ਦੇ ਮੰਤਰੀ ਅਤੇ ਸ਼੍ਰੀਭੂਮੀ ਸਪੋਰਟਿੰਗ ਕਲੱਬ ਦੇ ਪ੍ਰਧਾਨ ਸੁਜੀਤ ਬੋਸ ਨੇ ਪਹਿਲਾਂ ਕਿਹਾ ਸੀ ਕਿ ਮੈਸੀ ਦਾ ਯਾਦਗਾਰੀ ਬੁੱਤ ਸਿਰਫ਼ 40 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਕੀਤਾ ਗਿਆ ਹੈ। ਉਨ੍ਹਾਂ ਏਐੱਨਆਈ ਨੂੰ ਦੱਸਿਆ ਸੀ, ‘‘ਇਹ ਇੱਕ ਬਹੁਤ ਵੱਡਾ ਬੁੱਤ ਹੈ, ਜਿਸ ਦੀ ਉਚਾਈ 70 ਫੁੱਟ ਹੈ। ਦੁਨੀਆ ਵਿੱਚ ਮੈਸੀ ਦੀ ਇੰਨੀ ਵੱਡੀ ਹੋਰ ਕੋਈ ਮੂਰਤੀ ਨਹੀਂ ਹੈ। ਮੈਸੀ ਕੋਲਕਾਤਾ ਆ ਰਿਹਾ ਹੈ, ਅਤੇ ਮੈਸੀ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ।’’
ਲਿਓਨਲ ਮੈਸੀ ਦੀ 2011 ਤੋਂ ਬਾਅਦ ਭਾਰਤ ਦੀ ਇਹ ਪਹਿਲੀ ਫੇਰੀ ਹੈ। ਆਪਣੀ ਪਿਛਲੀ ਫੇਰੀ ਦੌਰਾਨ ਮਹਾਨ ਫੁੱਟਬਾਲਰ ਨੇ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ਵਿੱਚ ਇੱਕ ਦੋਸਤਾਨਾ ਮੈਚ ਖੇਡਿਆ ਸੀ, ਜਿੱਥੇ ਅਰਜਨਟੀਨਾ ਨੇ ਵੈਨੇਜ਼ੁਏਲਾ ਨੂੰ 1-0 ਨਾਲ ਹਰਾਇਆ ਸੀ। 14 ਸਾਲਾਂ ਬਾਅਦ ਉਸ ਦੀ ਵਾਪਸੀ ਨੇ ਫੁੱਟਬਾਲ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਪੈਦਾ ਕੀਤਾ ਹੈ।
ਰਾਹੁਲ ਗਾਂਧੀ ਹੈਦਰਾਬਾਦ ਵਿੱਚ ਮੈਸੀ ਅਤੇ ਰੇਵੰਤ ਰੈੱਡੀ ਵਿਚਕਾਰ ਦੋਸਤਾਨਾ ਫੁੱਟਬਾਲ ਮੈਚ ਵਿੱਚ ਸ਼ਾਮਲ ਹੋਣਗੇ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸ਼ਨਿਚਰਵਾਰ ਸ਼ਾਮ ਨੂੰ ਇੱਥੇ ਆਰ ਜੀ ਆਈ ਕ੍ਰਿਕਟ ਸਟੇਡੀਅਮ ਵਿੱਚ ਫੁੱਟਬਾਲ ਦਿੱਗਜ ਲਿਓਨਲ ਮੈਸੀ ਦੀ ਵਿਸ਼ੇਸ਼ਤਾ ਵਾਲੇ 'GOAT India Tour' ਸਮਾਗਮ ਵਿੱਚ ਸ਼ਾਮਲ ਹੋਣਗੇ।ਦੋ ਟੀਮਾਂ – ਸਿੰਗਰੇਨੀ ਆਰ ਆਰ 9 (Singareni RR9) ਅਤੇ ਅਪਰਨਾ-ਮੈਸੀ ਆਲ ਸਟਾਰਜ਼ (Aparna-Messi All Stars) – ਵਿਚਕਾਰ ਇੱਕ ਦੋਸਤਾਨਾ ਮੈਚ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ 15-20 ਮਿੰਟ ਦਾ ਦੋਸਤਾਨਾ ਮੈਚ ਖੇਡਣਗੀਆਂ ਅਤੇ ਮੈਚ ਤੋਂ ਪੰਜ ਮਿੰਟ ਪਹਿਲਾਂ ਮੁੱਖ ਮੰਤਰੀ, ਜੋ ਕਿ ਫੁੱਟਬਾਲ ਦੇ ਸ਼ੌਕੀਨ ਹਨ, ਅਤੇ ਮੈਸੀ ਸ਼ਾਮਲ ਹੋਣਗੇ ਅਤੇ ਇਕੱਠੇ ਗੇਂਦ ਨੂੰ ਡ੍ਰਿਬਲ ਕਰਨਗੇ।
ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਸ਼ਾਮ 4.30 ਵਜੇ ਇੱਕ ਵਿਸ਼ੇਸ਼ ਉਡਾਣ ਰਾਹੀਂ ਇੱਥੇ ਪਹੁੰਚਣਗੇ ਅਤੇ ਤਾਜ ਫਲਕਨੁਮਾ ਪੈਲੇਸ ਹੋਟਲ ਲਈ ਰਵਾਨਾ ਹੋਣਗੇ, ਜਿੱਥੇ ਮੈਸੀ ਠਹਿਰੇ ਹੋਏ ਹਨ। ਮੈਚ ਦੇਖਣ ਤੋਂ ਬਾਅਦ ਗਾਂਧੀ ਰਾਤ 10.30 ਵਜੇ ਤੱਕ ਕੌਮੀ ਰਾਜਧਾਨੀ ਲਈ ਰਵਾਨਾ ਹੋ ਜਾਣਗੇ।
ਆਰ.ਜੀ.ਆਈ ਕ੍ਰਿਕਟ ਸਟੇਡੀਅਮ ਵਿੱਚ ਸਮਾਗਮ ਲਈ ਵਿਸਤ੍ਰਿਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।
ਮੈਸੀ ਸਮਾਗਮ ਦੀ ਟਿਕਟ ਦਾ 'ਮਹਿੰਗਾ' ਮੁੱਲ; ਬੰਗਾਲ ਦੇ ਰਾਜਪਾਲ ਨੇ ਸਰਕਾਰ ਤੋਂ ਰਿਪੋਰਟ ਮੰਗੀ
ਬੋਸ ਨੇ ਮੈਸੀ ਦੀ ਕੋਲਕਾਤਾ ਫੇਰੀ ਵਿੱਚ ਰਾਜ ਸਰਕਾਰ ਦੀ ਭੂਮਿਕਾ ਬਾਰੇ ਪੁੱਛਿਆ ਅਤੇ ਸਵਾਲ ਕੀਤਾ ਕਿ ਕਿਸੇ ਵਿਅਕਤੀ ਨੂੰ ਆਮ ਲੋਕਾਂ ਦੀਆਂ ਭਾਵਨਾਵਾਂ ਦੀ ਕੀਮਤ 'ਤੇ ਪੈਸਾ ਕਮਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ।
ਲੋਕ ਭਵਨ ਦੇ ਅਧਿਕਾਰੀ ਨੇ ਦੱਸਿਆ, "ਲੋਕ ਭਵਨ ਨੂੰ ਫੁੱਟਬਾਲ ਪ੍ਰਸ਼ੰਸਕਾਂ ਦੇ ਫ਼ੋਨ ਆ ਰਹੇ ਹਨ ਅਤੇ ਈਮੇਲ ਮਿਲ ਰਹੀਆਂ ਹਨ, ਜਿਨ੍ਹਾਂ ਵਿੱਚ ਸ਼ਿਕਾਇਤ ਕੀਤੀ ਗਈ ਹੈ ਕਿ ਉਹ ਮੈਸੀ ਮੈਚ ਦੀਆਂ ਟਿਕਟਾਂ ਨਹੀਂ ਲੈ ਸਕੇ ਕਿਉਂਕਿ ਕੀਮਤਾਂ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। ਹੁਣ, ਰਾਜਪਾਲ ਇਹ ਜਾਣਨ ਲਈ ਉਤਸੁਕ ਹਨ ਕਿ ਅਜਿਹਾ ਕਿਉਂ ਹੋ ਰਿਹਾ ਹੈ। ਜਦੋਂ ਉਹ ਇੱਥੇ ਹੈ ਤਾਂ ਆਮ ਲੋਕ ਆਪਣੇ ਪਸੰਦੀਦਾ ਸਟਾਰ ਨੂੰ ਕਿਉਂ ਨਹੀਂ ਦੇਖ ਪਾ ਰਹੇ ਹਨ?"
