ਕੋਲਕਾਤਾ ਟੈਸਟ: ਤੀਜੇ ਦਿਨ ਲੰਚ ਮੌਕੇ ਭਾਰਤ ਦਾ ਸਕੋਰ 10/2, ਜਿੱਤ ਲਈ 114 ਦੌੜਾਂ ਦੀ ਲੋੜ
ਭਾਰਤ ਨੇ ਦੱਖਣੀ ਅਫ਼ਰੀਕਾ ਖਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਜਿੱਤ ਲਈ ਮਿਲੇ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੁਪਹਿਰ ਦੇ ਖਾਣੇ ਮੌਕੇ 10 ਦੌੜਾਂ ’ਤੇ 2 ਵਿਕਟਾਂ ਗੁਆ ਲਈਆਂ ਹਨ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਬਿਨਾਂ ਖਾਤਾ ਖੋਲ੍ਹੇ ਤੇ ਕੇਐੱਲ ਰਾਹੁਲ 1 ਦੌੜ ਬਣਾ ਕੇ ਆਊਟ ਹੋ ਗਈ। ਤਕਨੀਕੀ ਤੌਰ ’ਤੇ ਦੇਖਿਆ ਜਾਵੇ ਤਾਂ ਭਾਰਤ ਦੇ ਤਿੰਨ ਵਿਕਟ ਡਿੱਗ ਚੁੱਕੇ ਹਨ ਕਿਉਂਕਿ ਕਪਤਾਨ ਸ਼ੁਭਮਨ ਗਿੱਲ ਗਰਦਨ ਦੀ ਸੱਟ ਕਰਕੇ ਬੱਲੇਬਾਜ਼ੀ ਲਈ ਮੈਦਾਨ ਵਿਚ ਨਹੀਂ ਉਤਰੇਗਾ। ਜੈਸਵਾਲ ਤੇ ਰਾਹੁਲ ਨੂੰ ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੈਨਸਨ ਨੇ ਆਊਟ ਕੀਤਾ। ਲੰਚ ਮੌਕੇ ਵਾਸ਼ਿੰਗਟਨ ਸੁੰਦਰ 5 ਤੇ ਧਰੁਵ ਜੁਰੇਲ 4 ਦੌੜਾਂ ਉੱਤੇ ਨਾਬਾਦ ਸਨ। ਭਾਰਤ ਨੂੰ ਜਿੱਤ ਲਈ ਅਜੇ ਵੀ 114 ਦੌੜਾਂ ਦੀ ਦਰਕਾਰ ਹੈ।
ਸੰਖੇਪ ਸਕੋਰ: ਦੱਖਣੀ ਅਫਰੀਕਾ 159 ਤੇ 153, ਭਾਰਤ 189 ਤੇ 10/2 (ਸੱਤ ਓਵਰ)
ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਦੀ ਟੀਮ ਅੱਜ ਇਥੇ ਮੇਜ਼ਬਾਨ ਭਾਰਤ ਖਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਆਪਣੀ ਦੂਜੀ ਪਾਰੀ ਵਿਚ 153 ਦੌੜਾਂ ’ਤੇ ਆਊਟ ਹੋ ਗਈ। ਭਾਰਤ ਨੂੰ ਪਹਿਲੀ ਪਾਰੀ ਦੇ ਅਧਾਰ ’ਤੇ 30 ਦੌੜਾਂ ਦੀ ਬੜਤ ਮਿਲੀ ਸੀ, ਜਿਸ ਕਰਕੇ ਟੀਮ ਇੰਡੀਆ ਨੂੰ ਜਿੱਤ ਲਈ 124 ਦੌੜਾਂ ਦਾ ਟੀਚਾ ਮਿਲਿਆ।
ਮਹਿਮਾਨ ਟੀਮ ਲਈ ਕਪਤਾਨ ਤੇਂਬਾ ਬਾਵੁਮਾ ਨਾਬਾਦ 55 ਦੌੜਾਂ ਨਾਲ ਟੌਪ ਸਕੋਰਰ ਰਿਹਾ। ਹੋਰਨਾਂ ਬੱਲੇਬਾਜ਼ਾਂ ਕੌਰਬਿਨ ਬੌਸ਼ ਨੇ ਹੀ 25 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਰਵਿੰਦਰ ਜਡੇਜਾ ਨੇ ਚਾਰ, ਮੁਹੰਮਦ ਸਿਰਾਜ ਤੇ ਕੁਲਦੀਪ ਯਾਦਵ ਨੇ 2-2 ਜਦੋਂਕਿ ਜਸਪ੍ਰੀਤ ਬੁਮਰਾਹ ਤੇ ਅਕਸ਼ਰ ਪਟੇਲ ਨੇ ਇਕ ਇਕ ਵਿਕਟ ਲਈ।
ਕਾਬਿਲੇਗੌਰ ਹੈ ਕਿ 124 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਕੋਲ ਸਿਰਫ਼ 9 ਬੱਲੇਬਾਜ਼ ਹੀ ਹੋਣਗੇ ਕਿਉਂਕਿ ਕਪਤਾਨ ਸ਼ੁਭਮਨ ਗਿੱਲ ਗਰਦਨ ਵਿਚ ਖਿਚਾਅ ਕਰਕੇ ਇਸ ਵੇਲੇ ਹਸਪਤਾਲ ਵਿਚ ਦਾਖ਼ਲ ਹੈ ਤੇ ਬਾਕੀ ਰਹਿੰਦੇ ਮੈਚ ਲਈ ਟੀਮ ’ਚੋਂ ਬਾਹਰ ਹੋ ਗਿਆ ਹੈ।
