ਔਰਤਾਂ ਲਈ ਸੁਰੱਖਿਆ ਕਵਚ ਬਣੀ ਕਰਾਟੇ ਕ੍ਰਾਂਤੀ
ਮਾਰਸ਼ਲ ਆਰਟ ਦੇ ਖੇਤਰ ਵਿੱਚ ਭਾਰਤ ਦੀਆਂ ਸਭ ਤੋਂ ਸਤਿਕਾਰਤ ਹਸਤੀਆਂ ਵਿੱਚ ਸ਼ਾਮਲ ਕਰਾਟੇ ਇੰਡੀਆ ਸੰਗਠਨ ਦੇ ਪ੍ਰਧਾਨ ਪ੍ਰੇਮਜੀਤ ਸੇਨ ਨੇ ਚੁੱਪ-ਚਪੀਤੇ ਤੇ ਫ਼ੈਸਲਾਕੁਨ ਢੰਗ ਨਾਲ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਬਿਰਤਾਂਤ ਨੂੰ ਨਵਾਂ ਰੂਪ ਦਿੱਤਾ ਹੈ। ਕਰਾਟੇ ਡੂ ਐਸੋਸੀਏਸ਼ਨ ਆਫ ਬੰਗਾਲ ਦੇ ਪ੍ਰਧਾਨ ਨੇ ਮੁਕਾਬਲੇ ਦੀ ਥਾਂ ਕਰਾਟੇ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਦਿੱਤਾ, ਜਿਸ ਨਾਲ ਬੰਗਾਲ ਦੀਆਂ ਹਜ਼ਾਰਾਂ ਔਰਤਾਂ ਵਿੱਚ ਹਿੰਮਤ ਅਤੇ ਆਤਮ-ਵਿਸ਼ਵਾਸ ਪੈਦਾ ਹੋ ਰਿਹਾ ਹੈ।
ਸੇਨ ਸਵੈ-ਰੱਖਿਆ ਨੂੰ ਸਿਰਫ਼ ਰਸਮੀ ਕਾਰਵਾਈ ਨਹੀਂ ਮੰਨਦੇ। ਸਕੂਲਾਂ, ਕਾਲਜਾਂ, ਪੁਲੀਸ ਵਿਭਾਗਾਂ ਅਤੇ ਸੂਬੇ ਦੀਆਂ ਹੋਰ ਸੰਸਥਾਵਾਂ ਨਾਲ ਮਿਲ ਕੇ ਲਾਈਆਂ ਜਾਂਦੀਆਂ ਵਰਕਸ਼ਾਪਾਂ ਵਿੱਚ ਉਹ ਔਰਤਾਂ ਨੂੰ ਉਨ੍ਹਾਂ ਅਸਲ ਖਤਰਿਆਂ ਲਈ ਤਿਆਰ ਕਰਦੇ ਹਨ, ਜਿਨ੍ਹਾਂ ਦਾ ਉਹ ਹਰ ਰੋਜ਼ ਸਾਹਮਣਾ ਕਰਦੀਆਂ ਹਨ। ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ ਸਿਰਫ਼ ਤਕਨੀਕ ਹੀ ਨਹੀਂ, ਸਗੋਂ ਸੂਝ-ਬੂਝ ਵੀ ਸਿਖਦੀਆਂ ਹਨ; ਇਸ ਵਿੱਚ ਖ਼ਤਰੇ ਨੂੰ ਭਾਂਪਣਾ, ਬਿਨਾਂ ਘਬਰਾਏ ਪ੍ਰਤੀਕਿਰਿਆ ਦੇਣਾ ਅਤੇ ਖ਼ੁਦ ’ਤੇ ਕਾਬੂ ਪਾਉਣਾ ਸ਼ਾਮਲ ਹੈ। ਕਈ ਮੁਟਿਆਰ ਕੁੜੀਆਂ ਇਨ੍ਹਾਂ ਸੈਸ਼ਨਾਂ ਨੂੰ ਮੁਕਤੀ ਤੇ ਖ਼ੁਦ ਨੂੰ ਮਜ਼ਬੂਤ ਬਣਾਉਣ ਵਜੋਂ ਦੇਖਦੀਆਂ ਹਨ।
ਹਾਲਾਂਕਿ, ਸੇਨ ਦੇ ਫਲਸਫੇ ਵਿੱਚ ਅਨੁਸ਼ਾਸਨ (ਡਿਸਿਪਲਿਨ), ਦ੍ਰਿੜਤਾ (ਡਿਟਰਮੀਨੇਸ਼ਨ) ਅਤੇ ਲਗਨ (ਡਿਵੋਸ਼ਨ) ਹਨ, ਜਿਸ ਨੂੰ ਉਹ ਤਿੰਨ ‘ਡੀ’ ਆਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਚੀਜ਼ਾਂ ਕਿਸੇ ਵਿਅਕਤੀ ਨੂੰ ਉਸ ਦੇ ਪਹਿਲੇ ਹਮਲੇ ਜਾਂ ਰੁਖ਼ ਤੋਂ ਕਾਫ਼ੀ ਪਹਿਲਾਂ ਹੀ ਆਕਾਰ ਦੇ ਦਿੰਦੀਆਂ ਹਨ। ਉਹ ਅਕਸਰ ਕਹਿੰਦੇ ਹਨ, ‘‘ਅਸਲੀ ਦੁਸ਼ਮਣ ਉਹ ਡਰ ਹੈ, ਜੋ ਸਾਡੇ ਅੰਦਰ ਹੈ।’’ ਉਨ੍ਹਾਂ ਦਾ ਕਹਿਣਾ ਹੈ ਕਿ ਕਰਾਟੇ ਡਰ ਦਾ ਸਾਹਮਣਾ ਕਰਨ, ਸ਼ੰਕਾ ਦੂਰ ਕਰਨ ਅਤੇ ਅੰਦਰੂਨੀ ਮਜ਼ਬੂਤੀ ਕਾਇਮ ਰੱਖਣ ਲਈ ਸਹਾਈ ਹਨ ਜਿਸ ਨਾਲ ਜੀਵਨ ਦਾ ਹਰ ਪਹਿਲੂ ਪ੍ਰਭਾਵਿਤ ਹੁੰਦਾ ਹੈ।
