ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ: ਪੰਜਾਬ ਨੇ ਤਾਮਿਲਨਾਡੂ ਨੂੰ 8-4 ਨਾਲ ਹਰਾਇਆ
ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਹਾਕੀ ਪੰਜਾਬ ਵੱਲੋਂ ਕਰਵਾਈ ਜਾ ਰਹੀ 15ਵੀਂ ਹਾਕੀ ਇੰਡੀਆ ਜੂਨੀਅਰ ਕੌਮੀ ਪੁਰਸ਼ ਹਾਕੀ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਅੱਜ ਮੇਜ਼ਬਾਨ ਪੰਜਾਬ ਨੇ ਖੇਡ ਦੇ ਦੂਜੇ ਅੱਧ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤਾਮਿਲਨਾਡੂ ਨੂੰ 8-4 ਦੇ ਫਰਕ ਨਾਲ ਹਰਾ ਕੇ ਆਪਣੇ ਖਾਤੇ ਵਿੱਚ ਤਿੰਨ ਅੰਕ ਜੋੜ ਲਏ। ਇਸ ਦੌਰਾਨ ਚੰਡੀਗੜ੍ਹ, ਜੰਮੂ-ਕਸ਼ਮੀਰ, ਦਿੱਲੀ, ਹਰਿਆਣਾ, ਕਰਨਾਟਕ ਅਤੇ ਉਤਰ ਪ੍ਰਦੇਸ਼ ਦੀਆਂ ਟੀਮਾਂ ਨੇ ਵੀ ਜਿੱਤਾਂ ਦਰਜ ਕੀਤੀਆਂ।
‘ਏ’ ਡਿਵੀਜ਼ਨ ਦੇ ਮੈਚ ਵਿੱਚ ਮੇਜ਼ਬਾਨ ਪੰਜਾਬ ਨੂੰ ਤਾਮਿਲਨਾਡੂ ਨੇ ਖੇਡ ਦੇ ਪਹਿਲੇ ਅੱਧ ਵਿੱਚ ਸਖ਼ਤ ਟੱਕਰ ਦਿੱਤੀ ਪਰ ਖੇਡ ਦੇ ਦੂਜੇ ਅੱਧ ਵਿੱਚ ਪੰਜਾਬ ਦੇ ਫਾਰਵਰਡ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ ’ਤੇ ਸਨ। ਪੰਜਾਬ ਵੱਲੋਂ ਲਵਨੂਰ ਸਿੰਘ ਨੇ ਤਿੰਨ, ਜੋਬਨਪ੍ਰੀਤ ਸਿੰਘ ਨੇ ਦੋ, ਜਦਕਿ ਕਪਤਾਨ ਗੁਰਸੇਵਕ ਸਿੰਘ, ਚਰਨਜੀਤ ਸਿੰਘ ਤੇ ਅਮਨਦੀਪ ਨੇ ਇੱਕ-ਇੱਕ ਗੋਲ ਕੀਤਾ। ਇਸੇ ਤਰ੍ਹਾਂ ਤਾਮਿਲਨਾਡੂ ਦੇ ਮਨੀਮਰਨ ਨੇ ਤਿੰਨ ਤੇ ਅਕਾਸ਼ ਨੇ ਇੱਕ ਗੋਲ ਕੀਤਾ।
ਇਸ ਤੋਂ ਪਹਿਲਾਂ ਖੇਡੇ ਗਏ ਮੈਚਾਂ ਵਿੱਚ ਚੰਡੀਗੜ੍ਹ ਨੇ ਹਿਮਾਚਲ ਪ੍ਰਦੇਸ਼ ਨੂੰ 5-3 ਨਾਲ, ਜੰਮੂ ਕਸ਼ਮੀਰ ਨੇ ਅਰੁਣਾਚਲ ਪ੍ਰਦੇਸ਼ ਨੂੰ 5-4 ਨਾਲ, ਦਿੱਲੀ ਨੇ ਉਤਰਾਖੰਡ ਨੂੰ 3-0 ਨਾਲ, ਹਰਿਆਣਾ ਨੇ ਦਾਦਰਾ ਨਗਰ ਹਵੇਲੀ ਨੂੰ 3-0 ਨਾਲ, ਕਰਨਾਟਕ ਨੇ ਆਂਧਰਾ ਪ੍ਰਦੇਸ਼ ਨੂੰ 10-1 ਅਤੇ ਉਤਰ ਪ੍ਰਦੇਸ਼ ਨੇ ਮਹਾਰਾਸ਼ਟਰ ਨੂੰ 9-2 ਨਾਲ ਹਰਾ ਕੇ ਤਿੰਨ-ਤਿੰਨ ਅੰਕ ਹਾਸਲ ਕੀਤੇ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਡਾਕਟਰ ਕਲਵੰਤ ਸਿੰਘ, ਡਾਕਟਰ ਨਵਜੋਤ ਸਿੰਘ, ਓਲੰਪੀਅਨ ਹਰਪ੍ਰੀਤ ਸਿੰਘ ਮੰਡਰ, ਓਲੰਪੀਅਨ ਗੁਰਬਾਜ ਸਿੰਘ, ਜੀਐੱਸ ਸੰਘਾ ਅਤੇ ਸਰਵਨਜੀਤ ਸਿੰਘ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਐਤਵਾਰ ਨੂੰ ਬਿਹਾਰ ਬਨਾਮ ਅਸਾਮ, ਉਤਰਾਖੰਡ ਬਨਾਮ ਬੰਗਾਲ, ਕਰਨਾਟਕ ਬਨਾਮ ਉੜੀਸਾ, ਹਰਿਆਣਾ ਬਨਾਮ ਮਨੀਪੁਰ, ਉਤਰ ਪ੍ਰਦੇਸ਼ ਬਨਾਮ ਝਾਰਖੰਡ ਅਤੇ ਪੰਜਾਬ ਬਨਾਮ ਮੱਧ ਪ੍ਰਦੇਸ਼ ਮੁਕਾਬਲੇ ਹੋਣਗੇ।