ਜੂਨੀਅਰ ਹਾਕੀ ਵਿਸ਼ਵ ਕੱਪ: ਭਾਰਤ ਤੇ ਅਰਜਨਟੀਨਾ ਵਿਚਾਲੇ ਟੱਕਰ ਅੱਜ
ਜਰਮਨੀ ਹੱਥੋਂ ਸੈਮੀਫਾਈਨਲ ਵਿੱਚ ਕਰਾਰੀ ਹਾਰ ਨਾਲ ਖਿਤਾਬੀ ਸੁਫਨਾ ਟੁੱਟਣ ਮਗਰੋਂ ਭਾਰਤੀ ਟੀਮ ਜੂਨੀਅਰ ਹਾਕੀ ਵਿਸ਼ਵ ਕੱਪ ਵਿੱਚ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਲਈ ਬੁੱਧਵਾਰ ਨੂੰ ਅਰਜਨਟੀਨਾ ਖਿਲਾਫ਼ ਮੈਦਾਨ ਵਿੱਚ ਉਤਰੇਗੀ। ਨੌਂ ਸਾਲਾਂ ਬਾਅਦ ਤਗ਼ਮਾ ਜਿੱਤਣ ਲਈ ਭਾਰਤ ਨੂੰ ਦਬਾਅ ਹੇਠ ਗ਼ਲਤੀਆਂ ਕਰਨ ਦੀ ਆਪਣੀ ਆਦਤ ਸੁਧਾਰਨੀ ਪਵੇਗੀ। ਪਿਛਲੇ ਦੋ ਵਿਸ਼ਵ ਕੱਪਾਂ (2021 ਅਤੇ 2023) ਵਿੱਚ ਚੌਥੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਟੀਮ ਨੂੰ ਉਨ੍ਹਾਂ ਗ਼ਲਤੀਆਂ ਤੋਂ ਬਚਣਾ ਪਵੇਗਾ ਜੋ ਉਸ ਨੇ ਸੈਮੀਫਾਈਨਲ ਵਿੱਚ ਸੱਤ ਵਾਰ ਦੀ ਚੈਂਪੀਅਨ ਜਰਮਨੀ ਖਿਲਾਫ਼ ਕੀਤੀਆਂ ਸਨ। ਭਾਰਤੀ ਟੀਮ ਦੇ ਮੁੱਖ ਕੋਚ ਪੀ ਆਰ ਸ੍ਰੀਜੇਸ਼ ਜਾਣਦੇ ਹਨ ਕਿ ਇਹ ਤਗ਼ਮਾ ਉਨ੍ਹਾਂ ਦੀ ਟੀਮ ਲਈ ਕਿੰਨਾ ਅਹਿਮ ਹੈ। ਰਾਊਂਡ ਰੌਬਿਨ ਗੇੜ ਵਿੱਚ ਭਾਰਤ ਨੇ 29 ਗੋਲ ਕੀਤੇ ਸਨ ਪਰ ਵੱਡੀਆਂ ਟੀਮਾਂ ਖਿਲਾਫ਼ ਡਿਫੈਂਸ ਦੀਆਂ ਕਮਜ਼ੋਰੀਆਂ ਸਾਹਮਣੇ ਆਈਆਂ। ਜਰਮਨੀ ਖਿਲਾਫ਼ ਡਿਫੈਂਸ ਪੂਰੀ ਤਰ੍ਹਾਂ ਨਾਕਾਮ ਰਿਹਾ ਸੀ। ਫਾਰਵਰਡ ਲਾਈਨ ਵੀ ਮੌਕੇ ਨਹੀਂ ਬਣਾ ਸਕੀ।
ਭਾਰਤ ਦੇ ਗੋਲਕੀਪਰ ਪ੍ਰਿੰਸਦੀਪ ਸਿੰਘ ਨੇ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਪਰ ਜਿੱਤ ਲਈ ਪੂਰੀ ਟੀਮ ਨੂੰ ਇਕਜੁੱਟ ਹੋ ਕੇ ਖੇਡਣਾ ਪਵੇਗਾ। ਦੂਜੇ ਪਾਸੇ, ਅਰਜਨਟੀਨਾ ਦੀ ਚੁਣੌਤੀ ਨੂੰ ਵੀ ਘੱਟ ਨਹੀਂ ਸਮਝਿਆ ਜਾ ਸਕਦਾ। ਟੂਰਨਾਮੈਂਟ ਤੋਂ ਪਹਿਲਾਂ ਭਾਰਤ ਅਤੇ ਅਰਜਨਟੀਨਾ ਵਿਚਾਲੇ ਤਿੰਨ ਅਭਿਆਸ ਮੈਚ ਹੋਏ ਸਨ, ਜਿਨ੍ਹਾਂ ਵਿੱਚ ਮੁਕਾਬਲਾ ਬਰਾਬਰੀ ਵਾਲਾ ਰਿਹਾ ਸੀ। ਇਹ ਮੈਚ ਸ਼ਾਮ 5.30 ਵਜੇ ਸ਼ੁਰੂ ਹੋਵੇਗਾ। ਇਸ ਮਗਰੋਂ ਫਾਈਨਲ ਮੁਕਾਬਲਾ ਜਰਮਨੀ ਅਤੇ ਸਪੇਨ ਵਿਚਾਲੇ ਖੇਡਿਆ ਜਾਵੇਗਾ।
