ਜੂਨੀਅਰ ਹਾਕੀ: ਮੇਜ਼ਬਾਨ ਪੰਜਾਬ ਖ਼ਿਤਾਬੀ ਦੌੜ ’ਚੋਂ ਬਾਹਰ
ਪੰਜਾਬ ਦੀ ਟੀਮ 15ਵੀਂ ਜੂਨੀਅਰ ਕੌਮੀ ਪੁਰਸ਼ ਹਾਕੀ ਚੈਂਪੀਅਨਸ਼ਿਪ ਦੀ ਖ਼ਿਤਾਬੀ ਦੌੜ ’ਚ ਬਾਹਰ ਹੋ ਗਈ ਹੈ। ਮੇਜ਼ਬਾਨ ਟੀਮ ਨੂੰ ਸੈਮੀਫਾਈਨਲ ’ਚ ਸਖਤ ਮੁਕਾਬਲੇ ’ਚ ਉੜੀਸਾ ਤੋਂ 3-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉੜੀਸਾ ਤੋਂ ਇਲਾਵਾ ਹਰਿਆਣਾ ਦੀ ਟੀਮ ਨੇ ਵੀ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਹਰਿਆਣਾ ਨੇ ਉੱਤਰ ਪ੍ਰਦੇਸ਼ ਨੂੰ 3-0 ਨਾਲ ਹਰਾ ਕੇ ਖ਼ਿਤਾਬੀ ਮੁਕਾਬਲੇ ’ਚ ਜਗ੍ਹਾ ਪੱਕੀ ਕੀਤੀ। ਇਹ ਚੈਂਪੀਅਨਸ਼ਿਪ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੀ ਹੈ।
ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਫਾਈਨਲ ਮੁਕਾਬਲਾ ਉੜੀਸਾ ਤੇ ਹਰਿਆਣਾ ਦੀਆਂ ਟੀਮਾਂ ਵਿਚਾਲੇ 23 ਅਗਸਤ ਨੂੰ ਬਾਅਦ ਦੁਪਹਿਰ 3.30 ਵਜੇ ਖੇਡਿਆ ਜਾਵੇਗਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਸੈਮੀਫਾਈਨਲ ’ਚ ਹਰਿਆਣਾ ਦੀ ਟੀਮ ਦੇ ਉੱਤਰ ਪ੍ਰਦੇਸ਼ ਖ਼ਿਲਾਫ਼ 3-0 ਨਾਲ ਜਿੱਤ ਦਰਜ ਕਰਕੇ ਫਾਈਨਲ ’ਚ ਜਗ੍ਹਾ ਪੱਕੀ ਕੀਤੀ। ਹਰਿਆਣਾ ਵੱਲੋਂ ਨਿਤਿਨ ਨੇ ਦੋ ਗੋਲ ਤੀਜੇ ਤੇ 54ਵੇਂ ਮਿੰਟ ’ਚ ਦਾਗੇ ਜਦਕਿ ਇੱਕ ਗੋਲ ਜੀਤ ਪਾਲ ਨੇ 47ਵੇਂ ਮਿੰਟ ’ਚ ਕੀਤਾ। ਦੂਜੇ ਸੈਮੀਫਾਈਨਲ ’ਚ ਪਿਛਲੇ ਵਰ੍ਹੇ ਦੇ ਚੈਂਪੀਅਨ ਮੇਜ਼ਬਾਨ ਪੰਜਾਬ ਨੂੰ ਉੜੀਸਾ ਨੇ 3-2 ਦੇ ਫਰਕ ਨਾਲ ਹਰਾ ਕੇ ਫਾਈਨਲ ’ਚ ਕਦਮ ਰੱਖਿਆ। ਖੇਡ ਦੇ ਪਹਿਲੇ ਹੀ ਮਿੰਟ ਵਿੱਚ ਉੜੀਸਾ ਦੇ ਪ੍ਰਤਾਪ ਟੋਪੋ ਨੇ ਗੋਲ ਕਰਕੇ ਸਕੋਰ 1-0 ਕਰ ਦਿੱਤਾ ਜਦਕਿ 12ਵੇਂ ਮਿੰਟ ’ਚ ਪੰਜਾਬ ਦੇ ਕਪਤਾਨ ਗੁਰਸੇਵਕ ਸਿੰਘ ਨੇ ਗੋਲ ਦਾਗ ਕੇ ਸਕੋਰ 1-1 ਕਰ ਦਿੱਤਾ। ਉੜੀਸਾ ਵੱਲੋਂ ਪ੍ਰਤਾਪ ਟੋਪੋ ਨੇ 15ਵੇਂ ਮਿੰਟ ਇੱਕ ਹੋਰ ਗੋਲ ਦਾਗ ਕੇ ਟੀਮ ਨੂੰ 2-1 ਗੋਲਾਂ ਨਾਲ ਲੀਡ ਦਿਵਾਈ ਪਰ 44ਵੇਂ ਮਿੰਟ ’ਚ ਮਨਮੀਤ ਸਿੰਘ ਨੇ ਗੋਲ ਕਰਕੇ ਪੰਜਾਬ ਨੂੰ 2-2 ਦੀ ਬਰਾਬਰੀ ’ਤੇ ਲਿਆਂਦਾ। ਉੜੀਸਾ ਦੇ ਕਰਨ ਲਾਕੜਾ ਨੇ 58ਵੇਂ ਮਿੰਟ ’ਚ ਮੈਚ ਦਾ ਫ਼ੈਸਲਾਕੁਨ ਗੋਲ ਦਾਗਦਿਆਂ ਟੀਮ ਨੂੰ 3-2 ਨਾਲ ਜਿੱਤ ਦਿਵਾਈ।