ਕਲੇਰ ਸਕੂਲ ਦਾ ਜਗਮਨਦੀਪ ਕੈਨੇਡਾ ਕ੍ਰਿਕਟ ਟੀਮ ਦਾ ਉਪ ਕਪਤਾਨ ਬਣਿਆ
ਸਮਾਧ ਭਾਈ ਦੇ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਹੋਣਹਾਰ ਕ੍ਰਿਕਟ ਖਿਡਾਰੀ ਜਗਮਨਦੀਪ ਸਿੰਘ ਪੌਲ ਪੁੱਤਰ ਰਾਮ ਸਿੰਘ ਨੂੰ ਕੈਨੇਡਾ ਅੰਡਰ-19 ਆਈਸੀਸੀ ਪੁਰਸ਼ ਵਿਸ਼ਵ ਕੱਪ ਅਮਰੀਕੀ ਕੁਆਲੀਫਾਇਰ 2025 ਲਈ ਕੈਨੇਡਾ ਦੀ ਟੀਮ ’ਚ ਉਪ ਕਪਤਾਨ ਚੁਣਿਆ ਗਿਆ ਹੈ।
ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਦੱਸਿਆ ਕਿ ਖਿਡਾਰੀ ਨੇ ਆਪਣੇ ਕੋਚ ਲਖਵਿੰਦਰ ਸਿੰਘ ਬਰਾੜ ਤੇ ਅਰਸ਼ਦੀਪ ਸਿੰਘ ਦੀ ਅਗਵਾਈ ਹੇਠ ਪਿਛਲੇ ਸਾਲਾਂ ਦੌਰਾਨ ਸਕੂਲ ਖੇਡਾਂ ’ਚ ਵੀ ਅਨੇਕਾਂ ਮੱਲਾਂ ਮਾਰੀਆਂ ਸਨ। ਪਿਛਲੇ ਸਾਲ ਉਹ ਸਕੂਲ ਤੋਂ ਬਾਰ੍ਹਵੀਂ ਦੀ ਪੜ੍ਹਾਈ ਕਰਨ ਉਪਰੰਤ ਕੈਨੇਡਾ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਕੂਲ ਦੀ ਹੋਣਹਾਰ ਖਿਡਾਰਨ ਅਮਰਪਾਲ ਕੌਰ ਨੇ ਵੀ ਕੈਨੇਡਾ ’ਚ ਕ੍ਰਿਕਟ ਟੀਮ ਦੀ ਕਪਤਾਨ ਬਣਨ ਦਾ ਮਾਣ ਹਾਸਲ ਕੀਤਾ ਸੀ। ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਪ੍ਰਿੰਸੀਪਲ ਸ਼ਸ਼ੀਕਾਂਤ ਤੇ ਸਕੂਲ ਸਟਾਫ਼ ਨੇ ਵਿਦਿਆਰਥੀ ਜਗਮਨਦੀਪ ਸਿੰਘ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਸ ਦੀ ਇਹ ਪ੍ਰਾਪਤੀ ਸਕੂਲ ਲਈ ਮਾਣ ਵਾਲੀ ਗੱਲ ਹੈ।