ਭਾਰਤ ਦੀਆਂ ਨਜ਼ਰਾਂ ਲੜੀ ਜਿੱਤਣ ’ਤੇ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ ਦੂੁਜਾ ਮੈਚ ਬੁੱਧਵਾਰ ਨੂੰ ਰਾਏਪੁਰ ਵਿੱਚ ਖੇਡਿਆ ਜਾਵੇਗਾ; ਮੇਜ਼ਬਾਨ ਟੀਮ ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਨਿੱਤਰੇਗੀ। ਭਾਰਤ ਨੇ ਵਿਰਾਟ ਕੋਹਲੀ ਦੇ ਸੈਂਕੜੇ ਅਤੇ ਰੋਹਿਤ ਸ਼ਰਮਾ ਅਤੇ ਕੇ ਐੱਲ ਰਾਹੁਲ ਦੇ ਨੀਮ ਸੈਂਕੜਿਆਂ ਸਦਕਾ ਪਹਿਲਾ ਮੈਚ 17 ਦੌੜਾਂ ਦੇ ਫਰਕ ਨਾਲ ਜਿੱਤਿਆ ਸੀ; ਹਾਲਾਂਕਿ ਦੱਖਣੀ ਅਫਰੀਕਾ ਨੇ ਭਾਰਤ ਨੂੰ ਪੂਰੀ ਚੁਣੌਤੀ ਦਿੱਤੀ ਸੀ। ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ’ਚ ਹੋਣ ਵਾਲੇ ਮੈਚ ਦੌਰਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ’ਤੇ ਸਭ ਦੀਆਂ ਨਜ਼ਰਾਂ ਹੋਣਗੀਆਂ। ਟੈਸਟ ਲੜੀ 2-0 ਨਾਲ ਹਾਰਨ ਮਗਰੋਂ ਭਾਰਤ ਇੱਕ ਰੋਜ਼ਾ ਲੜੀ ਜਿੱਤਣਾ ਚਾਹੇਗਾ। ਸਟੇਡੀਅਮ ਵਿੱਚ ਇਕਲੌਤਾ ਇੱਕ ਰੋਜ਼ਾ ਮੈਚ ਜਨਵਰੀ 2023 ’ਚ ਖੇਡਿਆ ਗਿਆ ਸੀ ਜਿੱਥੇ ਭਾਰਤ ਨੇ ਨਿਊਜ਼ੀਲੈਂਡ ’ਤੇ ਜਿੱਤ ਦਰਜ ਕੀਤੀ ਸੀ; ਇੱਥੇ ਦਸੰਬਰ 2023 ਵਿੱਚ ਆਸਟਰੇਲੀਆ ਖ਼ਿਲਾਫ਼ ਟੀ-20 ਮੈਚ ਵਿੱਚ ਭਾਰਤ 20 ਦੌੜਾਂ ਨਾਲ ਜੇਤੂੁ ਰਿਹਾ ਸੀ।
ਇੱਕ ਦਿਨਾ ਕ੍ਰਿਕਟ ਵਿਸ਼ਵ ਕੱਪ-2027 ਵਿੱਚ ਹਾਲੇ ਦੋ ਸਾਲ ਬਾਕੀ ਹਨ ਤੇ ਅਜਿਹੇ ਵਿੱਚ ਹਰ ਮੈਚ ਕੋਹਲੀ ਅਤੇ ਰੋਹਿਤ ਲਈ ਆਪਣੀ ਫਿਟਨੈੱਸ ਸਾਬਤ ਕਰਨ ਦਾ ਜ਼ਰੀਆ ਹੈ। ਮੁੱਖ ਕੋਚ ਗੌਤਮ ਗੰਭੀਰ ਨਾਲ ਲਗਾਤਾਰ ਵਧਦੇ ਕਥਿਤ ਮਤਭੇਦਾਂ ਦੀਆਂ ਲੱਗ ਰਹੀਆਂ ਅਟਕਲਾਂ ਦੌਰਾਨ ਬੀ ਸੀ ਸੀ ਆਈ ਨੂੰ ਦਖਲ ਦੇਣਾ ਪੈ ਸਕਦਾ ਹੈ।
ਪਿਛਲੇ ਦੋ ਇੱਕ ਰੋਜ਼ਾ ਮੈਚਾਂ ’ਚ ਵਧੀਆ ਪ੍ਰਦਰਸ਼ਨ ਕਰ ਕੇ ਵਿਰਾਟ ਅਤੇ ਰੋਹਿਤ ਨੇ ਦੱਖਣੀ ਅਫਰੀਕਾ ’ਚ ਹੋਣ ਵਾਲੇ ਵਿਸ਼ਵ ਕੱਪ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ ਹੈ। ਦੂਜੇ ਮੈਚ ਤੋਂ ਪਹਿਲਾਂ ਰੁਤਰਾਜ ਗਾਇਕਵਾੜ, ਵਾਸ਼ਿੰਗਟਨ ਸੁੰਦਰ ਤੇ ਕੁਝ ਬੱਲੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਭਾਰਤ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ।
