ਟਰਾਫੀ ਲੈਣ ਏ ਸੀ ਸੀ ਦਫ਼ਤਰ ਆ ਸਕਦੀ ਹੈ ਭਾਰਤੀ ਟੀਮ: ਨਕਵੀ
ਏਸ਼ਿਆਈ ਕ੍ਰਿਕਟ ਕੌਂਸਲ (ਏ ਸੀ ਸੀ) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਅੱਜ ਕਿਹਾ ਕਿ ਭਾਰਤੀ ਟੀਮ ਦਾ ਇੱਥੇ ਏ ਸੀ ਸੀ ਹੈੱਡਕੁਆਰਟਰ ਵਿੱਚ ਏਸ਼ੀਆ ਕੱਪ ਟਰਾਫੀ ਲੈਣ ਆਉਣ ਲਈ ‘ਸਵਾਗਤ’ ਹੈ। ਉਨ੍ਹਾਂ ਨੇ ਇਹ ਬਿਆਨ ਚੈਂਪੀਅਨ ਟੀਮ ਨੂੰ ਟਰਾਫੀ ਨਾ ਮਿਲਣ ਕਾਰਨ ਪੈਦਾ ਹੋਏ ਵਿਵਾਦ ਦਰਮਿਆਨ ਦਿੱਤਾ ਹੈ। ਨਕਵੀ ਨੇ ਐਕਸ ’ਤੇ ਉਨ੍ਹਾਂ ਖ਼ਬਰਾਂ ਨੂੰ ਵੀ ਖਾਰਜ ਕਰ ਦਿੱਤਾ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਏ ਸੀ ਸੀ ਦੀ ਸਾਲਾਨਾ ਆਮ ਮੀਟਿੰਗ (ਏ ਜੀ ਐੱਮ) ਵਿੱਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਅਧਿਕਾਰੀਆਂ ਤੋਂ ਐਤਵਾਰ ਨੂੰ ਪੁਰਸਕਾਰ ਵੰਡ ਸਮਾਗਮ ਦੌਰਾਨ ਆਪਣੇ ਵਿਹਾਰ ਲਈ ਮੁਆਫ਼ੀ ਮੰਗੀ ਸੀ। ਉਸ ਸਮੇਂ ਭਾਰਤੀ ਟੀਮ ਨੇ ਉਨ੍ਹਾਂ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਹ ਟਰਾਫੀ ਲੈ ਕੇ ਵਾਪਸ ਚਲੇ ਗਏ ਸਨ। ਜ਼ਿਕਰਯੋਗ ਹੈ ਕਿ ਨਕਵੀ ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਦੇ ਚੇਅਰਮੈਨ ਅਤੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਵੀ ਹਨ।
ਨਕਵੀ ਨੇ ਲਿਖਿਆ, ‘ਏ ਸੀ ਸੀ ਪ੍ਰਧਾਨ ਹੋਣ ਦੇ ਨਾਤੇ ਮੈਂ ਉਸੇ ਦਿਨ ਟਰਾਫੀ ਸੌਂਪਣ ਲਈ ਤਿਆਰ ਸੀ ਅਤੇ ਹੁਣ ਵੀ ਹਾਂ। ਜੇ ਉਹ ਸੱਚਮੁੱਚ ਟਰਾਫੀ ਚਾਹੁੰਦੇ ਹਨ ਤਾਂ ਏ ਸੀ ਸੀ ਦਫ਼ਤਰ ਆਉਣ ਲਈ ਉਨ੍ਹਾਂ ਦਾ ਸੁਆਗਤ ਹੈ ਅਤੇ ਉਹ ਇਸ ਨੂੰ ਮੇਰੇ ਤੋਂ ਲੈ ਸਕਦੇ ਹਨ।’ ਉਨ੍ਹਾਂ ਕਿਹਾ, ‘ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕੁਝ ਗਲਤ ਨਹੀਂ ਕੀਤਾ ਅਤੇ ਮੈਂ ਬੀ ਸੀ ਸੀ ਆਈ ਤੋਂ ਕਦੇ ਮੁਆਫ਼ੀ ਨਹੀਂ ਮੰਗੀ ਅਤੇ ਨਾ ਹੀ ਕਦੇ ਮੰਗਾਂਗਾ।’
ਏ ਸੀ ਸੀ ਦੀ ਏ ਜੀ ਐੱਮ ਵਿੱਚ ਬੀ ਸੀ ਸੀ ਆਈ ਵੱਲੋਂ ਆਸ਼ੀਸ਼ ਸ਼ੇਲਾਰ ਅਤੇ ਰਾਜੀਵ ਸ਼ੁਕਲਾ ਸ਼ਾਮਲ ਹੋਏ ਸਨ, ਜਿੱਥੇ ਉਨ੍ਹਾਂ ਨੇ ਸੂਰਿਆਕੁਮਾਰ ਯਾਦਵ ਦੀ ਅਗਵਾਈ ਹੇਠਲੀ ਟੀਮ ਨੂੰ ਟਰਾਫੀ ਨਾ ਦੇਣ ’ਤੇ ਸਖ਼ਤ ਇਤਰਾਜ਼ ਜਤਾਇਆ ਸੀ। ਭਾਰਤੀ ਟੀਮ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਸੀ। ਨਕਵੀ ਨੇ ਮੰਗਲਵਾਰ ਨੂੰ ਬੀ ਸੀ ਸੀ ਆਈ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਟਰਾਫੀ ਭਾਰਤੀ ਟੀਮ ਨੂੰ ਦੇਣ ਲਈ ਤਿਆਰ ਹਨ। ਹਾਲਾਂਕਿ ਮੀਟਿੰਗ ਵਿੱਚ ਇਸ ਮੁੱਦੇ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ, ਜਿਸ ਕਾਰਨ ਬੀ ਸੀ ਸੀ ਆਈ ਦੇ ਉੱਚ ਅਧਿਕਾਰੀ ਹੋਰ ਨਾਰਾਜ਼ ਹੋ ਗਏ। ਬੀ ਸੀ ਸੀ ਆਈ ਹੁਣ ਇਸ ਮਾਮਲੇ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਸਾਹਮਣੇ ਰੱਖੇਗਾ, ਜਿਸ ਦੀ ਮੀਟਿੰਗ ਨਵੰਬਰ ਵਿੱਚ ਹੋਵੇਗੀ।