ਜੂਨੀਅਰ ਮਹਿਲਾ ਹਾਕੀ ਕੱਪ ਲਈ ਭਾਰਤੀ ਟੀਮ ਦਾ ਐਲਾਨ
ਹਾਕੀ ਇੰਡੀਆ ਨੇ ਚਿਲੀ ਦੇ ਸ਼ਹਿਰ ਸੈਂਟਿਆਗੋ ਵਿੱਚ 25 ਨਵੰਬਰ ਤੋਂ 13 ਦਸੰਬਰ ਤੱਕ ਹੋਣ ਵਾਲੇ ਐੱਫ ਆਈ ਐੱਚ ਮਹਿਲਾ ਜੂਨੀਅਰ ਵਿਸ਼ਵ ਕੱਪ ਲਈ ਜੋਤੀ ਸਿੰਘ ਦੀ ਅਗਵਾਈ ਹੇਠ 20 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਟੀਮ ਵਿੱਚ 18 ਮੁੱਖ ਖਿਡਾਰਨਾਂ ਅਤੇ ਦੋ ਰਾਖਵੀਆਂ ਖਿਡਾਰਨਾਂ ਸ਼ਾਮਲ ਹਨ। ਮੁੱਖ ਕੋਚ ਤੁਸ਼ਾਰ ਖਾਂਡੇਕਰ ਨੇ ਪ੍ਰੈਸ ਬਿਆਨ ਵਿੱਚ ਕਿਹਾ, ‘‘ਮੈਂ ਟੀਮ ਅਤੇ ਇਸ ਦੇ ਮੌਜੂਦਾ ਪ੍ਰਦਰਸ਼ਨ ਤੋਂ ਖੁਸ਼ ਹਾਂ। ਮੇਰਾ ਮੁੱਖ ਸਿਧਾਂਤ ਅਨੁਸ਼ਾਸਨ ਹੈ ਅਤੇ ਟੀਮ ਬਣਾਉਂਦੇ ਸਮੇਂ ਮੈਂ ਇਸ ਨੂੰ ਧਿਆਨ ਵਿੱਚ ਰੱਖਿਆ ਹੈ। ਅਸੀਂ ਸਖ਼ਤ ਮਿਹਨਤ ਕੀਤੀ ਹੈ ਅਤੇ ਪਿਛਲੇ ਕੁਝ ਮਹੀਨਿਆਂ ਵਿੱਚ ਸਾਡੀਆਂ ਖਿਡਾਰਨਾਂ ਨੇ ਆਪਣੀ ਖੇਡ ਵਿੱਚ ਕਾਫ਼ੀ ਸੁਧਾਰ ਕੀਤਾ ਹੈ।’’
ਭਾਰਤ ਨੂੰ ਪੂਲ ‘ਸੀ’ ਵਿੱਚ ਰੱਖਿਆ ਗਿਆ ਹੈ ਅਤੇ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਪਹਿਲੀ ਦਸੰਬਰ ਨੂੰ ਨਾਮੀਬੀਆ ਖ਼ਿਲਾਫ਼ ਕਰੇਗੀ। ਇਸ ਤੋਂ ਬਾਅਦ ਟੀਮ 3 ਦਸੰਬਰ ਨੂੰ ਜਰਮਨੀ ਅਤੇ ਫਿਰ 5 ਦਸੰਬਰ ਨੂੰ ਆਇਰਲੈਂਡ ਦਾ ਸਾਹਮਣਾ ਕਰੇਗੀ। ਹਰ ਪੂਲ ਦੀਆਂ ਸਿਖਰਲੀਆਂ ਟੀਮਾਂ ਨਾਕਆਊਟ ਗੇੜ ਵਿੱਚ ਪਹੁੰਚਣਗੀਆਂ ਜੋ 7 ਤੋਂ 13 ਦਸੰਬਰ ਤੱਕ ਖੇਡਿਆ ਜਾਵੇਗਾ। ਸ੍ਰੀ ਖਾਂਡੇਕਰ ਨੇ ਕਿਹਾ, ‘‘ਅਸੀਂ ਸਾਰੇ ਚਿਲੀ ਦੀ ਯਾਤਰਾ ਲਈ ਤਿਆਰ ਹਾਂ ਅਤੇ ਉਤਸ਼ਾਹਿਤ ਹਾਂ। ਲੜਕੀਆਂ ਵਿਸ਼ਵ ਕੱਪ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਪ੍ਰੇਰਿਤ ਹਨ।’’ ਟੀਮ ਵਿੱਚ ਗੋਲਕੀਪਰ ਨਿਧੀ, ਏਂਜਿਲ ਹਰਸ਼ਾ ਰਾਣੀ ਮਿੰਜ਼; ਡਿਫੈਂਡਰ ਮਨੀਸ਼ਾ, ਲਾਲਥਨਲੁਆਂਗੀ, ਸਾਕਸ਼ੀ ਸ਼ੁਕਲਾ, ਪੂਜਾ ਸਾਹੂ, ਨੰਦਿਨੀ; ਮਿਡਫੀਲਡਰ ਸਾਕਸ਼ੀ ਰਾਣਾ, ਇਸ਼ੀਕਾ, ਸੁਨੇਲਿਤਾ ਟੋਪੋ, ਜੋਤੀ ਸਿੰਘ (ਕਪਤਾਨ), ਖੈਦੇਮ ਸ਼ਿਲੇਮਾ ਚਾਨੂ, ਬਿਨੀਮਾ ਧਾਨ; ਫਾਰਵਰਡ ਸੋਨਮ, ਪੁਰਨਿਮਾ ਯਾਦਵ, ਕਨਿਕਾ ਸਿਵਾਚ, ਹਿਨਾ ਬਾਨੋ ਅਤੇ ਸੁਖਵੀਰ ਕੌਰ ਸ਼ਾਮਲ ਹਨ।
