ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਹਿਲਗਾਮ ਦਹਿਸ਼ਤੀ ਹਮਲੇ ਕਾਰਨ ਭਾਰਤੀ ਖੇਡ ਜਗਤ ’ਚ ਸੋਗ

ਨੀਰਜ ਚੋਪੜਾ, ਪੀਵੀ ਸਿੰਧੂ, ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਤੇ ਹੋਰ ਖਿਡਾਰੀਆਂ ਨੇ ਪੀੜਤਾਂ ਲਈ ਇਨਸਾਫ਼ ਮੰਗਿਆ
Advertisement

ਨਵੀਂ ਦਿੱਲੀ, 23 ਅਪਰੈਲ

ਓਲੰਪਿਕ ਵਿੱਚ ਦੋ ਤਗ਼ਮੇ ਜਿੱਤ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਸਮੇਤ ਭਾਰਤੀ ਖਿਡਾਰੀਆਂ ਤੇ ਅਥਲੀਟਾਂ ਨੇ ਬੀਤੇ ਦਿਨ ਪਹਿਲਗਾਮ ਵਿੱਚ ਹੋਏ ਘਾਤਕ ਅਤਿਵਾਦੀ ਹਮਲੇ ’ਤੇ ਸੋਗ ਪ੍ਰਗਟ ਕੀਤਾ ਅਤੇ ਇਸ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਬਾਰੇ ਚੋਪੜਾ ਨੇ ਇੰਸਟਾਗ੍ਰਾਮ ’ਤੇ ਕਿਹਾ, ‘ਜੰਮੂ-ਕਸ਼ਮੀਰ ਵਿੱਚ ਹੋਏ ਦੁਖਦਾਈ ਹਮਲੇ ਨਾਲ ਦਿਲ ਦਹਿਲ ਗਿਆ ਹੈੈ। ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰਦਾ ਹਾਂ।’ ਸਿੰਧੂ ਨੇ ਕਿਹਾ, ‘ਇੰਨਾ ਦਰਦ। ਇੰਨਾ ਨੁਕਸਾਨ। ਕੋਈ ਵੀ ਕਿਸੇ ਵੀ ਕਾਰਨ ਕਰਕੇ ਅਜਿਹੀ ਬੇਰਹਿਮੀ ਨੂੰ ਜਾਇਜ਼ ਨਹੀਂ ਠਹਿਰਾਅ ਸਕਦਾ। ਪੀੜਤ ਪਰਿਵਾਰਾਂ ਦਾ ਦੁੱਖ ਸ਼ਬਦਾਂ ਤੋਂ ਪਰੇ ਹੈ। ਤੁਸੀਂ ਇਕੱਲੇ ਨਹੀਂ ਹੋ, ਅਸੀਂ ਤੁਹਾਡੇ ਨਾਲ ਹਾਂ।’ ਇਸੇ ਤਰ੍ਹਾਂ ਤੇਂਦੁਲਕਰ ਨੇ ਲਿਖਿਆ, ‘ਪੀੜਤ ਪਰਿਵਾਰ ਇਸ ਵੇਲੇ ਬਹੁਤ ਵੱਡੀ ਮੁਸ਼ਕਲ ’ਚੋਂ ਗੁਜ਼ਰ ਰਹੇ ਹੋਣਗੇ। ਇਸ ਦੁੱਖ ਦੀ ਘੜੀ ਵਿੱਚ ਭਾਰਤ ਅਤੇ ਦੁਨੀਆ ਉਨ੍ਹਾਂ ਦੇ ਨਾਲ ਹੈ। ਅਸੀਂ ਇਨਸਾਫ਼ ਲਈ ਪ੍ਰਾਰਥਨਾ ਕਰਦੇ ਹਾਂ।’

Advertisement

ਵਿਰਾਟ ਕੋਹਲੀ ਨੇ ਇੰਸਟਾਗ੍ਰਾਮ ’ਤੇ ਕਿਹਾ, ‘ਪੀੜਤਾਂ ਦੇ ਪਰਿਵਾਰਾਂ ਪ੍ਰਤੀ ਦਿਲੋਂ ਸੰਵੇਦਨਾ। ਪੀੜਤ ਪਰਿਵਾਰਾਂ ਨੂੰ ਸ਼ਾਂਤੀ, ਤਾਕਤ ਅਤੇ ਇਨਸਾਫ਼ ਮਿਲੇ।’

ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਸ ਨੇ ਕਿਹਾ, ‘ਆਉਣ ਵਾਲੇ ਸਮੇਂ ਵਿੱਚ ਸਾਡੇ ਬਹਾਦਰ ਜਵਾਨ ਇਸ ਹਮਲੇ ਦਾ ਜ਼ਰੂਰ ਢੁੱਕਵਾਂ ਜਵਾਬ ਦੇਣਗੇ। ਜੋ ਲੋਕ ਭਾਰਤ ਮਾਤਾ ਦੇ ਬਹਾਦਰ ਪੁੱਤਰਾਂ ਦੀ ਮੌਜੂਦਗੀ ਵਿੱਚ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਇਰਾਦੇ ਕਦੇ ਵੀ ਸਫ਼ਲ ਨਹੀਂ ਹੋਣਗੇ।’ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਲਿਖਿਆ, ‘ਮੈਂ ਪੀੜਤ ਪਰਿਵਾਰਾਂ ਲਈ ਪ੍ਰਾਰਥਨਾ ਕਰਦਾ ਹਾਂ। ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਕੀਮਤ ਚੁਕਾਉਣੀ ਪਵੇਗੀ। ਭਾਰਤ ਹਮਲਾ ਕਰੇਗਾ।’ ਇਸ ਦੌਰਾਨ ਸੋਨ ਤਗਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਓਲੰਪਿਕ ਤਗਮਾ ਜੇਤੂ ਸਾਬਕਾ ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼, ਸ਼ਟਲਰ ਸਾਇਨਾ ਨੇਹਵਾਲ, ਦੋ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਘਟਨਾ ਦੀ ਨਿਖੇਧੀ ਕੀਤੀ ਹੈ। -ਪੀਟੀਆਈ

ਧਰਮ ਦੇ ਨਾਮ ’ਤੇ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਗਲਤ: ਮੁਹੰਮਦ ਸਿਰਾਜ

ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਭਾਵੁਕ ਪੋਸਟ ਵਿੱਚ ਪੀੜਤਾਂ ਲਈ ਇਨਸਾਫ਼ ਦੀ ਮੰਗ ਕੀਤੀ ਹੈ।

ਸਿਰਾਜ ਨੇ ਲਿਖਿਆ, ‘ਧਰਮ ਦੇ ਨਾਮ ’ਤੇ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਅਤੇ ਮਾਰਨਾ ਬਿਲਕੁਲ ਗਲਤ ਹੈ। ਇਹ ਕਿਹੋ ਜਿਹੀ ਲੜਾਈ ਹੈ, ਜਿੱਥੇ ਮਨੁੱਖੀ ਜਾਨ ਦੀ ਕੋਈ ਕੀਮਤ ਹੀ ਨਹੀਂ ਹੈ। ਮੈਨੂੰ ਉਮੀਦ ਹੈ ਕਿ ਇਹ ਜਲਦੀ ਹੀ ਖਤਮ ਹੋ ਜਾਵੇਗਾ ਅਤੇ ਇਨ੍ਹਾਂ ਅਤਿਵਾਦੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ।’ ਸਾਬਕਾ ਕ੍ਰਿਕਟਰ ਇਰਫਾਨ ਪਠਾਨ ਨੇ ਐਕਸ ’ਤੇ ਕਿਹਾ, ‘ਜਦੋਂ ਵੀ ਕੋਈ ਮਾਸੂਮ ਜਾਨ ਜਾਂਦੀ ਹੈ, ਮਨੁੱਖਤਾ ਹਾਰ ਜਾਂਦੀ ਹੈ। ਕਸ਼ਮੀਰ ਵਿੱਚ ਜੋ ਹੋਇਆ, ਉਹ ਦੇਖ ਅਤੇ ਸੁਣ ਕੇ ਦਿਲ ਦਹਿਲ ਜਾਂਦਾ ਹੈ।’ ਇਸੇ ਤਰ੍ਹਾਂ ਸਾਬਕਾ ਕ੍ਰਿਕਟਰ ਅਤੇ ਪੱਛਮੀ ਬੰਗਾਲ ਦੇ ਬਹਿਰਾਮਪੁਰ ਤੋਂ ਲੋਕ ਸਭਾ ਮੈਂਬਰ ਯੂਸਫ਼ ਪਠਾਨ ਨੇ ਕਿਹਾ, ‘ਸਾਡੇ ਸਮਾਜ ਵਿੱਚ ਅਜਿਹੀਆਂ ਹਿੰਸਕ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। ਸ਼ਾਂਤੀ ਕਾਇਮ ਰਹੇ।’

Advertisement
Show comments