ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਅੱਜ ਤੋਂ
ਦੇਸ਼ ਦਾ ਵੱਕਾਰੀ 42ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 23 ਅਕਤੂਬਰ ਤੋਂ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ’ਚ ਸ਼ੁਰੂ ਹੋਵੇਗਾ।
ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਜੋ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਸੁਸਾਇਟੀ ਸਾਲਾਨਾ ਟੂਰਨਾਮੈਂਟ ਰਾਹੀਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਵਿਰਾਸਤ ਦਾ ਸਨਮਾਨ ਕਰਦੀ ਹੈ ਜੋ ਭਾਰਤ ’ਚ ਖੇਡਾਂ ਦੇ ਵਿਕਾਸ ਲਈ ਅਣਥੱਕ ਵਕਾਲਤ ਕਰਦੇ ਸਨ। ਸੁਰਜੀਤ ਸਿੰਘ ਰੰਧਾਵਾ ਦਾ 1984 ਵਿੱਚ ਦੇਹਾਂਤ ਹੋ ਗਿਆ ਸੀ।
ਡੀ ਸੀ ਨੇ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਓਲੰਪੀਅਨ ਹਰਮਨਪ੍ਰੀਤ ਸਿੰਘ, ਉਪ ਕਪਤਾਨ ਓਲੰਪੀਅਨ ਹਾਰਦਿਕ ਸਿੰਘ, ਮਨਦੀਪ ਸਿੰਘ, ਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ ਸਣੇ ਹੋਰ ਮੌਜੂਦਾ ਤੇ ਸਾਬਕਾ ਭਾਰਤੀ ਹਾਕੀ ਖਿਡਾਰੀ 10 ਦਿਨ ਚੱਲ ਵਾਲੇ ਟੂਰਨਾਮੈਂਟ ’ਚ ਆਪਣਾ ਹੁਨਰ ਦਿਖਾਉਣਗੇ।
ਸੁਸਾਇਟੀ ਦੇ ਸੀ ਈ ਓ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਟੂਰਨਾਮੈਂਟ ਲੀਗ-ਕਮ-ਨਾਕਆਊਟ ਆਧਾਰ ’ਤੇ ਖੇਡਿਆ ਜਾਵੇਗਾ। ਸਾਰੀਆਂ 12 ਟੀਮਾਂ ਨੂੰ 4 ਪੂਲਾਂ ਵਿੱਚ ਵੰਡਿਆ ਗਿਆ ਹੈ। ਮੌਜੂਦਾ ਚੈਂਪੀਅਨ ਇੰਡੀਅਨ ਆਇਲ ਮੁੰਬਈ, ਇੰਡੀਅਨ ਨੇਵੀ ਮੁੰਬਈ ਤੇ ਆਰ ਸੀ ਐੱਫ ਕਪੂਰਥਲਾ ਨੂੰ ਪੂਲ-ਏ ਵਿੱਚ, ਪੰਜਾਬ ਐਂਡ ਸਿੰਧ ਬੈਂਕ ਨਵੀਂ ਦਿੱਲੀ ਤੇ ਇੰਡੀਅਨ ਫੋਰਸ ਦਿੱਲੀ ਨੂੰ ਪੂਲ-ਬੀ ਵਿੱਚ, ਪਿਛਲੇ ਸਾਲ ਦੀ ਉਪਜੇਤੂ ਭਾਰਤ ਪੈਟਰੋਲੀਅਮ ਮੁੰਬਈ, ਬੀ ਐੱਸ ਐੱਫ ਜਲੰਧਰ ਅਤੇ ਸੀ ਏ ਜੀ ਨਵੀਂ ਦਿੱਲੀ ਨੂੰ ਪੂਲ-ਸੀ ਵਿੱਚ ਅਤੇ ਇੰਡੀਅਨ ਰੇਲਵੇ ਦਿੱਲੀ, ਆਰਮੀ-ਇਲੈਵਨ ਦਿੱਲੀ ਅਤੇ ਸੀ ਆਰ ਪੀ ਐੱਫ ਦਿੱਲੀ ਨੂੰ ਪੂਲ-ਡੀ ਵਿੱਚ ਰੱਖਿਆ ਗਿਆ ਹੈ। ਹਰੇਕ ਪੂਲ ਦੀਆਂ ਚੋਟੀ ਦੀਆਂ 2 ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਟੂਰਨਾਮੈਂਟ ਦੇ ਸੈਮੀਫਾਈਨਲ ਮੈਚ 31 ਅਕਤੂਬਰ ਖੇਡੇ ਜਾਣਗੇ ਤੇ ਫਾਈਨਲ ਮੁਕਾਬਲਾ 1 ਨਵੰਬਰ ਨੂੰ ਹੋਵੇਗਾ। ਹਾਕੀ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਤੋਂ ਕੋਈ ਐਂਟਰੀ ਫੀਸ ਨਹੀਂ ਲਈ ਜਾਵੇਗੀ। ਟੂਰਨਾਮੈਂਟ ਦੇ ਆਖਰੀ ਦਿਨ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ।
ਅੱਜ ਦੇ ਮੈਚ
1. ਆਰਮੀ-ਇਲੈਵਨ ਦਿੱਲੀ ਬਨਾਮ ਸੀ ਆਰ ਪੀ ਐੱਫ ਦਿੱਲੀ : ਸ਼ਾਮ 4:30 ਵਜੇ
2. ਪੰਜਾਬ ਐਂਡ ਸਿੰਧ ਬੈਂਕ ਦਿੱਲੀ ਬਨਾਮ ਪੰਜਾਬ ਪੁਲੀਸ : ਸ਼ਾਮ 6.00 ਵਜੇ