ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ’ਤੇ ਸ਼ਿਕੰਜਾ ਕੱਸਿਆ
ਦੱਖਣੀ ਅਫਰੀਕਾ ਦੇ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ ਪਰ ਉਸ ਨੂੰ ਵੱਡੀ ਪਾਰੀ ਵਿੱਚ ਬਦਲਣ ਵਿੱਚ ਨਾਕਾਮ ਰਹੇ। ਕਪਤਾਨ ਟੈਂਬਾ ਬਾਵੂਮਾ (41) ਅਤੇ ਟ੍ਰਿਸਟਨ ਸਟੱਬਸ (49) ਨੇ ਤੀਜੀ ਵਿਕਟ ਲਈ 84 ਦੌੜਾਂ ਦੀ ਭਾਈਵਾਲੀ ਕੀਤੀ; ਹਾਲਾਂਕਿ ਗ਼ਲਤ ਸ਼ਾਟ ਖੇਡਣ ਕਾਰਨ ਬਾਵੂਮਾ ਜਡੇਜਾ ਦੀ ਗੇਂਦ ’ਤੇ ਯਸ਼ਸਵੀ ਜੈਸਵਾਲ ਹੱਥੋਂ ਕੈਚ ਆਊਟ ਹੋ ਗਿਆ। ਇਸ ਤੋਂ ਤੁਰੰਤ ਬਾਅਦ ਸਟੱਬਸ ਵੀ ਕੁਲਦੀਪ ਯਾਦਵ ਦੀ ਗੇਂਦ ’ਤੇ ਕੇਐੱਲ ਰਾਹੁਲ ਨੂੰ ਕੈਚ ਦੇ ਬੈਠਾ। ਵਿਆਨ ਮੁਲਡਰ (13) ਨੇ ਵੀ ਬਾਵੂਮਾ ਵਾਲੀ ਗਲਤੀ ਦੁਹਰਾਈ ਅਤੇ ਕੁਲਦੀਪ ਦੀ ਗੇਂਦ ’ਤੇ ਆਊਟ ਹੋਇਆ। ਇਸ ਤਰ੍ਹਾਂ ਦੱਖਣੀ ਅਫਰੀਕਾ ਦੀ ਟੀਮ 166/2 ਤੋਂ ਅਚਾਨਕ 201/5 ’ਤੇ ਪਹੁੰਚ ਗਈ।
ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਏਡਨ ਮਾਰਕਰਮ (38) ਅਤੇ ਰਿਆਨ ਰਿਕਲਟਨ (35) ਨੇ ਪਹਿਲੀ ਵਿਕਟ ਲਈ 82 ਦੌੜਾਂ ਜੋੜੀਆਂ। ਪਰ ਚਾਹ ਦੇ ਸਮੇਂ ਤੋਂ ਐਨ ਪਹਿਲਾਂ ਮਾਰਕਰਮ ਬੁਮਰਾਹ ਦੀ ਗੇਂਦ ’ਤੇ ਗ਼ਲਤ ਸ਼ਾਟ ਖੇਡ ਕੇ ਆਊਟ ਹੋ ਗਿਆ। ਚਾਹ ਤੋਂ ਬਾਅਦ ਰਿਕਲਟਨ ਵੀ ਕੁਲਦੀਪ ਦੀ ਫਿਰਕੀ ਦਾ ਸ਼ਿਕਾਰ ਬਣਿਆ। ਦਿਨ ਦੇ ਅਖੀਰ ਵਿੱਚ ਮੁਹੰਮਦ ਸਿਰਾਜ ਨੇ ਟੋਨੀ ਡੀ ਜ਼ੋਰਜ਼ੀ (28) ਨੂੰ ਰਿਸ਼ਭ ਪੰਤ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਛੇਵੀਂ ਸਫਲਤਾ ਦਿਵਾਈ।
ਰਿਸ਼ਭ ਪੰਤ ਨੇ ਗੇਂਦਬਾਜ਼ਾਂ ਦੀ ਵਰਤੋਂ ਬਹੁਤ ਸੂਝ-ਬੂਝ ਨਾਲ ਕੀਤੀ। ਉਸ ਨੇ ਸਾਰੇ ਗੇਂਦਬਾਜ਼ਾਂ ਨੂੰ ਢੁਕਵੇਂ ਮੌਕੇ ਦਿੱਤੇ। ਦੱਖਣੀ ਅਫਰੀਕਾ ਦੇ ਸਿਖਰਲੇ ਬੱਲੇਬਾਜ਼ਾਂ ਨੇ 80 ਤੋਂ ਵੱਧ ਗੇਂਦਾਂ ਖੇਡਣ ਦੇ ਬਾਵਜੂਦ ਵੱਡਾ ਸਕੋਰ ਨਹੀਂ ਬਣਾਇਆ, ਜੋ ਮੈਚ ਦੇ ਨਤੀਜੇ ’ਤੇ ਅਸਰ ਪਾ ਸਕਦਾ ਹੈ।
