ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ’ਚ ਭਾਰਤ ਨੂੰ ਚਾਂਦੀ
ਵੀਅਤਨਾਮ ਵਿੱਚ ਹੋਈ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਦੋ ਪੰਜਾਬਣ ਮੁਟਿਆਰਾਂ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਗੁਰੂਸਰ ਸੁਧਾਰ ਨੇੜਲੇ ਛੋਟੇ ਜਿਹੇ ਪਿੰਡ ਅੱਬੂਵਾਲ ਦੀ ਗੁਰਬਾਣੀ ਕੌਰ ਅਤੇ ਤਰਨਤਾਰਨ ਦੀ ਦਿਲਜੋਤ ਕੌਰ ਨੇ ਰੋਇੰਗ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਹਾਸਲ ਕਰ ਕੇ ਭਾਰਤ ਦਾ ਝੰਡਾ ਬੁਲੰਦ ਕੀਤਾ ਹੈ। ਪਿਛਲੇ 16 ਸਾਲਾਂ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਇਸ ਮੁਕਾਬਲੇ ਵਿੱਚ ਕੋਈ ਜਿੱਤ ਹਾਸਲ ਕੀਤੀ ਹੈ। 2025 ਏਸ਼ੀਅਨ ਰੋਇੰਗ ਚੈਂਪੀਅਨਸ਼ਿਪ, ਵੀਅਤਨਾਮ ਦੇ ਹੈ ਫੋਂਗ ਰੋਇੰਗ ਸਿਖਲਾਈ ਕੇਂਦਰ ਵਿੱਚ ਹੋਈ, ਜੋ ਏਸ਼ੀਅਨ ਰੋਇੰਗ ਫੈਡਰੇਸ਼ਨ (ਏ ਆਰ ਐੱਫ) ਵੱਲੋਂ ਵੀਅਤਨਾਮ ਦੇ ਸੱਭਿਆਚਾਰ, ਖੇਡ ਅਤੇ ਸੈਰ-ਸਪਾਟਾ ਮੰਤਰਾਲੇ ਅਤੇ ਸਥਾਨਕ ਅਧਿਕਾਰੀਆਂ ਦੇ ਸਹਿਯੋਗ ਨਾਲ ਇਸ ਖੇਤਰ ਦੀ ਸਭ ਤੋਂ ਵੱਡਾ ਰੋਇੰਗ ਮੁਕਾਬਲਾ ਹੈ। ਇਸ ਮੁਕਾਬਲੇ ਵਿੱਚ 18 ਦੇਸ਼ਾਂ ਅਤੇ ਖੇਤਰਾਂ ਦੇ 668 ਖਿਡਾਰੀਆਂ ਅਤੇ ਕੋਚਾਂ ਨੇ ਹਿੱਸਾ ਲਿਆ। ਵੀਅਤਨਾਮ, ਇਰਾਨ, ਭਾਰਤ, ਜਾਪਾਨ, ਕੋਰੀਆ ਗਣਰਾਜ, ਥਾਈਲੈਂਡ ਅਤੇ ਸਿੰਗਾਪੁਰ ਨੇ ਪੁਰਸ਼ਾਂ ਅਤੇ ਮਹਿਲਾਵਾਂ ਨੇ ਚੈਂਪੀਅਨਸ਼ਿਪ ’ਚ ਹਿੱਸਾ ਲਿਆ।