ਅੰਡਰ-19 ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਭਾਰਤ ਨੇ ਕੁੱਲ 14 ਤਗ਼ਮੇ ਜਿੱਤੇ
ਏਸ਼ੀਅਨ ਅੰਡਰ-19 ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 14 ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ ਤਿੰਨ ਸੋਨੇ ਦੇ ਤਗ਼ਮੇ ਵੀ ਸ਼ਾਮਲ ਹਨ। ਮਹਿਲਾ ਵਰਗ ਵਿੱਚ ਨਿਸ਼ਾ ਅਤੇ ਮੁਸਕਾਨ ਨੇ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ, ਜਦਕਿ ਪੁਰਸ਼ਾਂ ਦੇ ਵਰਗ ਵਿੱਚ ਰਾਹੁਲ ਕੁੰਡੂ ਨੇ ਸੋਨੇ ਦਾ ਤਗ਼ਮਾ ਜਿੱਤਿਆ।
ਇਨ੍ਹਾਂ ਤੋਂ ਇਲਾਵਾ ਭਾਰਤ ਨੇ ਸੱਤ ਚਾਂਦੀ ਅਤੇ ਚਾਰ ਕਾਂਸੇ ਦੇ ਤਗ਼ਮੇ ਵੀ ਜਿੱਤੇ ਹਨ। ਅੰਡਰ-19 ਵਰਗ ਵਿੱਚ 10 ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ 9 ਨੇ ਤਗ਼ਮੇ ਜਿੱਤੇ ਹਨ। ਇਨ੍ਹਾਂ ਵਿੱਚ 2 ਸੋਨੇ, 5 ਚਾਂਦੀ ਅਤੇ 2 ਕਾਂਸੇ ਦੇ ਤਗ਼ਮੇ ਸ਼ਾਮਲ ਹਨ। ਨਿਸ਼ਾ ਨੇ 54 ਕਿਲੋਗ੍ਰਾਮ ਵਰਗ ਵਿੱਚ ਚੀਨ ਦੀ ਸਿਰੂਈ ਯਾਂਗ ਖ਼ਿਲਾਫ਼ ਤੀਜੇ ਅਤੇ ਆਖਰੀ ਗੇੜ ਵਿੱਚ ਜਿੱਤ ਹਾਸਲ ਕੀਤੀ, ਜਦਕਿ ਮੁਸਕਾਨ (57 ਕਿਲੋਗ੍ਰਾਮ) ਨੇ ਕਜ਼ਾਖਸਤਾਨ ਦੀ ਅਯਾਜ਼ਾਨ ਏਰਮੇਕ ਨੂੰ ਹਰਾਇਆ। ਪੁਰਸ਼ਾਂ ਦੇ 75 ਕਿਲੋ ਵਰਗ ਵਿੱਚ ਰਾਹੁਲ ਕੁੰਡੂ ਨੇ ਉਜ਼ਬੇਕਿਸਤਾਨ ਦੇ ਮੁਹੰਮਦਜੋਨ ਵਾਈ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਇਸ ਤੋਂ ਇਲਾਵਾ ਮਹਿਲਾ ਵਰਗ ਵਿੱਚ ਆਰਤੀ ਕੁਮਾਰੀ (75 ਕਿਲੋ), ਕ੍ਰਿਤਿਕਾ ਵਾਸਨ (80 ਕਿਲੋ), ਪਾਰਚੀ ਟੋਕਸ (80 ਕਿਲੋ), ਵਿਨੀ (60 ਕਿਲੋ) ਅਤੇ ਨਿਸ਼ਾ (65 ਕਿਲੋ) ਨੇ ਚਾਂਦੀ, ਜਦਕਿ ਯਸ਼ਿਕਾ (51 ਕਿਲੋ) ਅਤੇ ਅਕਾਂਕਸ਼ਾ (70 ਕਿਲੋ) ਨੇ ਕਾਂਸੇ ਦੇ ਤਗ਼ਮੇ ਜਿੱਤੇ। ਪੁਰਸ਼ਾਂ ਦੇ ਵਰਗ ਵਿੱਚ ਮੌਸਮ ਸੁਹਾਗ (65 ਕਿਲੋ) ਅਤੇ ਹੇਮੰਤ ਸਾਂਗਵਾਨ ਨੇ ਚਾਂਦੀ ਅਤੇ ਸ਼ਿਵਮ (55 ਕਿਲੋ) ਤੇ ਗੌਰਵ (85 ਕਿਲੋ) ਨੇ ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤਾ। ਭਾਰਤੀ ਮੁੱਕੇਬਾਜ਼ਾਂ ਨੇ ਅੰਡਰ-22 ਵਰਗ ਵਿੱਚ ਪਹਿਲਾਂ ਹੀ 13 ਤਗਮੇ ਪੱਕੇ ਕਰ ਲਏ ਹਨ।