ICC ਮਹਿਲਾ ਵਿਸ਼ਵ ਕੱਪ: ਆਸਟਰੇਲੀਆ ਨੂੰ ਹਰਾ ਕੇ ਫਾਈਨਲ ’ਚ ਪੁੱਜਿਆ ਭਾਰਤ; ਫਾਈਨਲ ’ਚ ਦੱਖਣੀ ਅਫਰੀਕਾ ਨਾਲ ਮੁਕਾਬਲਾ 2 ਨਵੰਬਰ ਨੂੰ
ਭਾਰਤ ਨੇ ਇੱਥੇ ਆਈਸੀਸੀ ਵਿਮੈਨ ਵਰਲਡ ਕੱਪ ਦੇ ਸੈਮੀਫਾਈਨਲ ਮੈਚ ਵਿੱਚ ਅੱਜ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 49.5 ਓਵਰਾਂ ਵਿਚ 338 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਜਦਕਿ ਭਾਰਤ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 48.3 ਓਵਰਾਂ ਵਿਚ ਜੇਤੂ ਟੀਚਾ ਸਰ ਕੀਤਾ। ਭਾਰਤ ਨੇ 341 ਦੌੜਾਂ ਬਣਾਈਆਂ ਤੇ ਸੱਤ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਭਾਰਤ ਦਾ ਫਾਈਨਲ ਵਿਚ ਮੁਕਾਬਲਾ ਦੱਖਣੀ ਅਫਰੀਕਾ ਨਾਲ 2 ਨਵੰਬਰ ਨੂੰ ਹੋਵੇਗਾ।
ਇਸ ਤੋਂ ਪਹਿਲਾਂ ਓਪਨਰ ਫੋਬ ਲਿਚਫੀਲਡ ਦੇ ਸੈਂਕੜੇ ਅਤੇ ਆਲਰਾਊਂਡਰ ਐਸ਼ਲੇ ਗਾਰਡਨਰ ਅਤੇ ਐਲਿਸ ਪੈਰੀ ਦੇ ਅਰਧ ਸੈਂਕੜਿਆਂ ਦੀ ਬਦੌਲਤ ਆਸਟਰੇਲੀਆ ਨੇ ਭਾਰਤ ਵਿਰੁੱਧ ਆਪਣੇ ਆਈਸੀਸੀ ਮਹਿਲਾ ਵਿਸ਼ਵ ਕੱਪ ਸੈਮੀਫਾਈਨਲ ਮੁਕਾਬਲੇ ਵਿਚ 49.5 ਓਵਰਾਂ ਵਿੱਚ 338 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤਣ ਲਈ 339 ਦੌੜਾਂ ਦਾ ਟੀਚਾ ਦਿੱਤਾ। ਇਹ ਮਹਿਲਾ ਵਿਸ਼ਵ ਕੱਪ ਨਾਕਆਊਟ ਮੈਚ ਵਿੱਚ ਦੂਜਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 2022 ਦੇ ਫਾਈਨਲ ਵਿੱਚ ਇੰਗਲੈਂਡ ਵਿਰੁੱਧ ਆਸਟਰੇਲੀਆ ਨੇ ਪੰਜ ਵਿਕਟਾਂ ਦੇ ਨੁਕਸਾਨ ’ਤੇ 356 ਦੌੜਾਂ ਬਣਾਈਆਂ ਸਨ। ਨਵੀਂ ਮੁੰਬਈ ਦੇ ਡੀ ਵਾਈ ਪਾਟਿਲ ਸਟੇਡੀਅਮ ਵਿੱਚ ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ ਦੀ ਪਾਰੀ ਦੀ ਮੁੱਖ ਖਿੱਚ ਫੋਬ ਲਿਚਫੀਲਡ ਦਾ ਪ੍ਰਦਰਸ਼ਨ ਰਿਹਾ, ਜਿਸ ਨੇ 93 ਗੇਂਦਾਂ ’ਤੇ ਸ਼ਾਨਦਾਰ 119 ਦੌੜਾਂ ਬਣਾਈਆਂ। ਹਾਲਾਂਕਿ ਲਿਚਫੀਲਡ ਨੇ 27ਵੇਂ ਓਵਰ ਵਿੱਚ ਅਮਨਜੋਤ ਕੌਰ ਦੀ ਗੇਂਦ ’ਤੇ ਆਪਣੀ ਵਿਕਟ ਗਵਾ ਦਿੱਤੀ। ਜਿਸ ਤੋਂ ਬਾਅਦ ਭਾਰਤੀ ਖੇਮੇ ਨੂੰ ਵੱਡੀ ਰਾਹਤ ਮਿਲੀ।
