ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਹਾਕੀ ਜੂਨੀਅਰ ਵਿਸ਼ਵ ਕੱਪ ਜਿੱਤਣ ਤੋਂ ਖੁੰਝਿਆ

ਸੈਮੀਫਾਈਨਲ ’ਚ ਜਰਮਨੀ ਨੇ 5-1 ਨਾਲ ਹਰਾਇਆ; ਅਰਜਨਟੀਨਾ ਨੂੰ ਹਰਾ ਕੇ ਸਪੇਨ ਫਾਈਨਲ ’ਚ
ਭਾਰਤ ਦਾ ਮਨਮੀਤ ਸਿੰਘ (8) ਚੇਨਈ ’ਚ ਐਫ ਆਈ ਐੱਚ ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਦੇ ਸੈਮੀ ਫਾਈਨਲ ਮੈਚ ਦੌਰਾਨ ਜਰਮਨ ਖਿਡਾਰੀਆਂ ਤੋਂ ਬਾਲ ਖੋਹਣ ਦੀ ਕੋਸ਼ਿਸ਼ ਕਰਦਾ ਹੋਇਆ। ਫੋਟੋ: ਪੀਟੀਆਈ
Advertisement

ਨੌਂ ਸਾਲਾਂ ਬਾਅਦ ਭਾਰਤ ਦਾ ਐੱਫ ਆਈ ਐੱਚ ਹਾਕੀ ਜੂਨੀਅਰ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਟੁੱਟ ਗਿਆ ਹੈ। ਇੱਥੇ ਸੈਮੀਫਾਈਨਲ ਵਿੱਚ ਸੱਤ ਵਾਰ ਦੇ ਚੈਂਪੀਅਨ ਜਰਮਨੀ ਨੇ ਭਾਰਤ ਨੂੰ 5-1 ਨਾਲ ਹਰਾ ਦਿੱਤਾ। ਭਾਰਤ ਨੇ ਪਿਛਲੀ ਵਾਰ 2016 ’ਚ ਜੂਨੀਅਰ ਵਿਸ਼ਵ ਕੱਪ ਜਿੱਤਿਆ ਸੀ। ਜਰਮਨੀ ਨੇ ਚੰਗੀ ਸ਼ੁਰੂਆਤ ਕੀਤੀ। ਲੁਕਾਸ ਕੋਸੇਲ ਨੇ 14ਵੇਂ ਤੇ 30ਵੇਂ ਮਿੰਟ ’ਚ ਗੋਲ ਕੀਤੇ। ਟਾਈਟਸ ਵੇਕਸ ਨੇ 15ਵੇਂ ’ਚ ਜੋਨਸ ਵਾਨ ਗਰਸਮ ਨੇ 40ਵੇਂ ਤੇ ਬੇਨ ਹਸਬਾਕ ਨੇ 49ਵੇਂ ਮਿੰਟ ’ਚ ਗੋਲ ਕੀਤਾ। ਦੂਜੇ ਪਾਸੇ ਭਾਰਤ ਦੇ ਅਨਮੋਲ ਏਕਾ ਨੇ ਚੌਖੇ ਕੁਆਰਟਰ ਵਿੱਚ ਮੈਚ ਦੇ 51ਵੇਂ ਮਿੰਟ ’ਚ ਪੈਨਲਟੀ ਕਾਰਨਰ ਰਾਹੀਂ ਇੱਕ ਗੋਲ ਕੀਤਾ। ਇਸ ਤੋਂ ਪਹਿਲਾਂ ਹੋਏ ਸੈਮੀਫਾਈਨਲ ਵਿੱਚ ਸਪੇਨ ਨੇ ਦੋ ਵਾਰ ਦੇ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਸ਼ੁਰੂ ’ਚ ਹੀ ਦਬਦਬਾ ਬਣਾਉਂਦੇ ਹੋਏ ਸਪੇਨ ਨੇ ਮੈਚ ਦੇ ਸੱਤਵੇਂ ਮਿੰਟ ’ਚ ਪਹਿਲਾ ਪੈਨਲਟੀ ਕਾਰਨਰ ਹਾਸਲ ਕੀਤਾ ਤੇ ਮਾਰੀਓ ਮੇਨਾ ਨੇ ਗੋਲ ਕਰਕੇ ਲੀਡ ਬਣਾਈ। ਇੱਕ ਮਿੰਟ ਬਾਅਦ ਅਰਜਨਟੀਨਾ ਨੂੰ ਵੀ ਆਪਣਾ ਪਹਿਲਾ ਪੈਨਲਟੀ ਕਾਰਨਰ ਮਿਲਿਆ ਪਰ ਅਰਜਨਟੀਨਾ ਦੀ ਟੀਮ ਇਸ ਦਾ ਲਾਭ ਨਾ ਉਠਾ ਸਕੀ। ਅਰਜਨਟੀਨਾ ਨੇ 21ਵੇਂ ਮਿੰਟ ’ਚ ਗੋਲ ਕਰ ਕੇ ਸਪੇਨ ਨਾਲ ਬਰਾਬਰੀ ਕੀਤੀ। 28ਵੇਂ ਮਿੰਟ ’ਚ ਅਰਜਨਟੀਨਾ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਇਸ ਵਾਰ ਵੀ ਟੀਮ ਗੋਲ ਨਾ ਕਰ ਸਕੀ। ਸਪੇਨ ਨੇ 56ਵੇਂ ਮਿੰਟ ’ਚ ਜੇਤੂ ਗੋਲ ਕੀਤਾ ਤੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਭਾਰਤ ਹੁਣ ਬੁੱਧਵਾਰ ਨੂੰ ਕਾਂਸੀ ਦੇ ਤਗ਼ਮੇ ਲਈ ਅਰਜਨਟੀਨਾ ਨਾਲ ਭਿੜੇਗਾ; ਫਾਈਨਲ ਮੈਚ ਜਰਮਨੀ ਤੇ ਸਪੇਨ ਵਿਚਾਲੇ ਹੋਵੇਗਾ।

Advertisement

Advertisement
Show comments