ਭਾਰਤ ਮਹਿਲਾ ਏਸ਼ੀਆ ਕੱਪ ਫੁਟਬਾਲ ਦੇ ਗਰੁੱਪ ‘ਸੀ’ ਵਿੱਚ
ਭਾਰਤ ਨੂੰ ਅਗਲੇ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਏਐੱਫਸੀ ਮਹਿਲਾ ਏਸ਼ੀਅਨ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਜਪਾਨ, ਸਾਬਕਾ ਚੈਂਪੀਅਨ ਚੀਨੀ ਤਾਇਪੇ ਅਤੇ ਵੀਅਤਨਾਮ ਦੇ ਨਾਲ ਗਰੁੱਪ ‘ਸੀ’ ਵਿੱਚ ਰੱਖਿਆ ਗਿਆ ਹੈ। ਪਹਿਲੀ ਤੋਂ 21 ਮਾਰਚ 2026 ਤੱਕ ਚੱਲਣ ਵਾਲੇ 12 ਟੀਮਾਂ ਦੇ ਟੂਰਨਾਮੈਂਟ ਲਈ ਅੱਜ ਸਿਡਨੀ ਟਾਊਨ ਹਾਲ ਵਿੱਚ ਡਰਾਅ ਕਰਵਾਇਆ ਗਿਆ। ਭਾਰਤੀ ਮਿਡਫੀਲਡਰ ਸੰਗੀਤਾ ਬਾਸਫੋਰ ਤਿੰਨ ਡਰਾਅ ਸਹਾਇਕਾਂ ’ਚੋਂ ਇੱਕ ਸੀ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ 12 ਟੀਮਾਂ ਨੂੰ ਚਾਰ-ਚਾਰ ਟੀਮਾਂ ਦੇ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 4 ਮਾਰਚ 2026 ਨੂੰ ਪਰਥ ਸਟੇਡੀਅਮ ਵਿੱਚ ਵੀਅਤਨਾਮ ਖ਼ਿਲਾਫ਼ ਮੈਚ ਨਾਲ ਕਰੇਗੀ। ਇਸ ਤੋਂ ਬਾਅਦ ਭਾਰਤ 7 ਮਾਰਚ ਨੂੰ ਉਸੇ ਮੈਦਾਨ ’ਤੇ ਜਪਾਨ ਨਾਲ ਮੁਕਾਬਲਾ ਕਰੇਗਾ ਅਤੇ ਫਿਰ 10 ਮਾਰਚ ਨੂੰ ਪੱਛਮੀ ਸਿਡਨੀ ਸਟੇਡੀਅਮ ਵਿੱਚ ਚੀਨੀ ਤਾਇਪੇ ਨਾਲ ਮੁਕਾਬਲਾ ਹੋਵੇਗਾ। ਹਰ ਗਰੁੱਪ ਦੀਆਂ ਸਿਖਰਲੀਆਂ ਦੋ ਟੀਮਾਂ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਦੋ ਸਭ ਤੋਂ ਵਧੀਆ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚਣਗੀਆਂ। ਸੈਮੀਫਾਈਨਲ ’ਚ ਪੁੱਜਣ ਵਾਲੀਆਂ ਚਾਰ ਟੀਮਾਂ ਬ੍ਰਾਜ਼ੀਲ ਵਿੱਚ 2027 ’ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੀਆਂ, ਜਦਕਿ ਹਾਰਨ ਵਾਲੀਆਂ ਕੁਆਰਟਰ ਫਾਈਨਲਿਸਟ ਟੀਮਾਂ ਪਲੇਆਫ ’ਚ ਜਾਣਗੀਆਂ, ਜਿੱਥੇ ਵਿਸ਼ਵਵਿਆਪੀ ਮੁਕਾਬਲੇ ਵਿੱਚ ਦੋ ਹੋਰ ਸਥਾਨ ਦਾਅ ’ਤੇ ਲੱਗਣਗੇ।
ਜਪਾਨ ਨੇ 2011 ਵਿੱਚ ਮਹਿਲਾ ਵਿਸ਼ਵ ਕੱਪ ਜਿੱਤਿਆ ਸੀ। ਉਹ ਇਸ ਸਮੇਂ ਵਿਸ਼ਵ ਰੈਂਕਿੰਗ ਵਿੱਚ ਸੱਤਵੇਂ ਸਥਾਨ ’ਤੇ ਹੈ। ਵੀਅਤਨਾਮ ਦੀ ਵਿਸ਼ਵ ਰੈਂਕਿੰਗ 37, ਜਦਕਿ ਚੀਨੀ ਤਾਇਪੇ ਦੀ 42 ਹੈ। ਭਾਰਤ ਇਸ ਸਮੇਂ ਦੁਨੀਆ ਵਿੱਚ 70ਵੇਂ ਸਥਾਨ ’ਤੇ ਕਾਬਜ਼ ਹੈ।