ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਕੇ ਭਾਰਤ ਦੀ ਜੇਤੂ ਸ਼ੁਰੂਆਤ
ਚੇਨੱਈ, 8 ਅਕਤੂਬਰ
ਭਾਰਤ ਨੇ ਸਪਿੰਨਰਾਂ ਦੀ ਤਿਕੜੀ ਅਤੇ ਬੱਲੇਬਾਜ਼ ਵਿਰਾਟ ਕੋਹਲੀ ਤੇ ਕੇ.ਐੱਲ ਰਾਹੁਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ਵਿੱਚ 199 ਦੌੜਾਂ ’ਤੇ ਆਊਟ ਹੋ ਗਈ। ਭਾਰਤ ਨੇ ਇਹ ਟੀਚਾ 41.2 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 201 ਦੌੜਾਂ ਬਣਾ ਕੇ ਪੂਰਾ ਕਰ ਲਿਆ। ਭਾਰਤ ਦੀ ਪਾਰੀ ਦੀ ਸ਼ੁਰੂਆਤ ਬੇਹਦ ਨਿਰਾਸ਼ਾਜਨਕ ਰਹੀ। ਭਾਰਤ ਨੇ ਦੋ ਦੌੜਾਂ ’ਤੇ ਹੀ ਕਪਤਾਨ ਰੋਹਿਤ ਸ਼ਰਮਾ, ਇਸ਼ਾਨ ਕਿਸ਼ਨ ਅਤੇ ਸ਼੍ਰੇਅਸ ਅਈਅਰ ਦੇ ਰੂਪ ਵਿੱਚ ਤਿੰਨ ਵਿਕਟਾਂ ਗੁਆ ਲਈਆਂ ਸਨ। ਮਗਰੋਂ ਵਿਰਾਟ ਕੋਹਲੀ ਅਤੇ ਕੇ.ਐੱਲ ਰਾਹੁਲ ਨੇ ਚੌਥੀ ਵਿਕਟ ਲਈ 165 ਦੌੜਾਂ ਜੋੜੀਆਂ ਅਤੇ ਭਾਰਤ ਨੂੰ ਜਿੱਤ ਦੇ ਨੇੜੇ ਪਹੁੰਚਾਇਆ। 37ਵੇਂ ਓਵਰ ਦੀ ਚੌਥੀ ਗੇਂਦ ’ਤੇ ਜੋਸ਼ ਹੇਜ਼ਲਵੁੱਡ ਨੇ ਵਿਰਾਟ ਕੋਹਲੀ ਦੀ ਵਿਕਟ ਲੈ ਕੇ ਆਸਟਰੇਲੀਆ ਦੀ ਮੈਚ ਵਿੱਚ ਵਾਪਸੀ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਰਾਹੁਲ ਨੇ ਆਸਟਰੇਲੀਆ ਦੇ ਕਪਤਾਨ ਪੈਟ ਕਮਨਿਜ਼ ਦੀ ਗੇਂਦ ’ਤੇ ਛੱਕਾ ਜੜ ਕੇ ਭਾਰਤ ਨੂੰ ਜਿੱਤ ਦਵਿਾਈ।
ਇਸ ਤੋਂ ਪਹਿਲਾਂ ਭਾਰਤ ਨੇ ਆਸਟਰੇਲੀਆ ਨੂੰ 49.3 ਓਵਰਾਂ ਵਿੱਚ 199 ਦੌੜਾਂ ’ਤੇ ਹੀ ਸਮੇਟ ਦਿੱਤਾ। ਆਸਟਰੇਲੀਆ ਦਾ ਕੋਈ ਬੱਲੇਬਾਜ਼ ਅਰਧ ਸੈਂਕੜਾ ਵੀ ਨਹੀਂ ਬਣਾ ਸਕਿਆ। ਆਸਟਰੇਲੀਆ ਵੱਲੋਂ ਸਟੀਵ ਸਮਿਥ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਰਵਿੰਦਰ ਜਡੇਜਾ (28 ਦੌੜਾਂ ਦੇ ਕੇ ਤਿੰਨ ਵਿਕਟਾਂ), ਕੁਲਦੀਪ ਯਾਦਵ (42 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਰਵੀਚੰਦਰਨ ਅਸ਼ਵਨਿ (34 ਦੌੜਾਂ ਦੇ ਕੇ ਇੱਕ ਵਿਕਟ) ਦੀ ਸਪਿੰਨ ਤਿਕੜੀ ਨੇ 30 ਓਵਰਾਂ ਵਿੱਚ 104 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ। ਇਸੇ ਤਰ੍ਹਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਮੁਹੰਮਦ ਸਿਰਾਜ ਅਤੇ ਹਾਰਦਿਕ ਪਾਂਡਿਆ ਨੇ ਇੱਕ-ਇੱਕ ਵਿਕਟ ਦਾ ਯੋਗਦਾਨ ਪਾਇਆ। ਬੁਮਰਾਹ ਨੇ ਆਪਣੇ ਦੂਜੇ ਓਵਰ ਵਿੱਚ ਹੀ ਮਿਚੇਲ ਮਾਰਸ਼ ਨੂੰ ਸਿਫਰ ’ਤੇ ਆਊਟ ਕਰ ਕੇ ਭਾਰਤ ਨੂੰ ਚੰਗੀ ਸ਼ੁਰੂਆਤ ਦਵਿਾਈ। ਵਿਰਾਟ ਕੋਹਲੀ ਨੇ ਸਲਿੱਪ ’ਤੇ ਕੈਚ ਲਿਆ। ਇਸ ਤਰ੍ਹਾਂ ਕੋਹਲੀ ਨੇ ਭਾਰਤ ਲਈ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਕੈਚ ਲੈਣ ਵਾਲਾ ਖਿਡਾਰੀ ਬਣ ਗਿਆ। ਉਸ ਨੇ ਅਨਿਲ ਕੁੰਬਲੇ (14 ਕੈਚ) ਦਾ ਰਿਕਾਰਡ ਤੋੜਿਆ। ਬਾਅਦ ਵਿੱਚ ਡੇਵਿਡ ਵਾਰਨਰ (52 ਗੇਂਦਾਂ ’ਤੇ 41 ਦੌੜਾਂ) ਅਤੇ ਸਮਿਥ (71 ਗੇਂਦਾਂ ’ਤੇ 46 ਦੌੜਾਂ) ਨੇ ਪਾਰੀ ਸੰਭਾਲੀ ਅਤੇ ਦੂਜੀ ਵਿਕਟ ਲਈ 69 ਦੌੜਾਂ ਜੋੜੀਆਂ। ਇਸ ਮਗਰੋਂ ਭਾਰਤੀ ਗੇਂਦਬਾਜ਼ਾਂ ਨੇ ਇੱਕ ਤੋਂ ਬਾਅਦ ਇੱਕ ਵਿਕਟਾਂ ਲੈ ਕੇ ਆਸਟਰੇਲੀਆ ਨੂੰ 199 ਦੌੜਾਂ ’ਤੇ ਆਊਟ ਕਰ ਦਿੱਤਾ। -ਪੀਟੀਆਈ
ਨਿਊਜ਼ੀਲੈਂਡ ਤੇ ਨੈਦਰਲੈਂਡਜ਼ ਵਿਚਾਲੇ ਮੁਕਾਬਲਾ ਅੱਜ
ਹੈਦਰਾਬਾਦ: ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਆਪੋ-ਆਪਣਾ ਪਹਿਲਾ ਮੁਕਾਬਲੇ ਖੇਡ ਚੁੱਕੇ ਨਿਊਜ਼ੀਲੈਂਡ ਅਤੇ ਨੈਦਰਲੈਂਡਜ਼ ਭਲਕੇ ਸੋਮਵਾਰ ਨੂੰ ਇੱਕ-ਦੂਜੇ ਦੇ ਸਾਹਮਣੇ ਹੋਣਗੇ। ਨਿਊਜ਼ੀਲੈਂਡ ਨੇ ਵੀਰਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਹਨ। ਇੰਗਲੈਂਡ ਨੇ ਨੌਂ ਵਿਕਟਾਂ ਦੇ ਨੁਕਸਾਨ ’ਤੇ 282 ਦੌੜਾਂ ਬਣਾਈਆਂ ਸਨ ਅਤੇ ਨਿਊਜ਼ੀਲੈਂਡ ਨੇ ਇਹ ਟੀਚਾ 36.2 ਓਵਰਾਂ ਵਿੱਚ ਹਾਸਲ ਕਰ ਲਿਆ ਸੀ। ਨਿਊਜ਼ੀਲੈਂਡ ਨੇ ਇਹ ਜਿੱਤ ਆਪਣੇ ਨਿਯਮਿਤ ਕਪਤਾਨ ਕੇਨ ਵਿਲੀਅਮਸਨ ਤੋਂ ਬਿਨਾ ਹਾਸਲ ਕੀਤੀ। ਆਈਪੀਐੱਲ ਵਿੱਚ ਲੱਗੀ ਸੱਟ ਕਾਰਨ ਵਿਲੀਅਮਸਨ ਪਹਿਲਾ ਮੈਚ ਨਹੀਂ ਖੇਡ ਸਕਿਆ। ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਇਸ਼ਾਰਾ ਕੀਤਾ ਕਿ ਵਿਲੀਅਮਸਨ ਡੱਚ ਟੀਮ ਖ਼ਿਲਾਫ਼ ਮੈਚ ਲਈ ਵੀ ਪੂਰੀ ਤਰ੍ਹਾਂ ਫਿਟ ਨਹੀਂ ਹੈ। ਅਜਿਹੇ ਵਿੱਚ ਟੌਮ ਲੇਥਮ ਹੀ ਟੀਮ ਦੀ ਕਪਤਾਨੀ ਕਰੇਗਾ। ਇਸੇ ਤਰ੍ਹਾਂ ਗੇਂਦਬਾਜ਼ ਟਿਮ ਸਾਊਦੀ ਦਾ ਖੇਡਣਾ ਵੀ ਤੈਅ ਨਹੀਂ ਹੈ ਕਿਉਂਕਿ ਉਹ ਹਾਲੇ ਅੰਗੂਠੇ ਦੀ ਸੱਟ ਤੋਂ ਉੱਭਰ ਨਹੀਂ ਸਕਿਆ। ਡੱਚ ਟੀਮ ਨੂੰ ਪਹਿਲੇ ਮੈਚ ਵਿੱਚ ਪਾਕਿਸਤਨ ਤੋਂ 81 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨੈਦਰਲੈਂਡਜ਼ ਨੇ ਭਾਵੇਂ ਪਾਵਰਪਲੇਅ ਵਿੱਚ ਪਾਕਿਸਤਾਨ ਦੀਆਂ ਤਿੰਨ ਵਿਕਟਾਂ ਲੈ ਲਈਆਂ ਸਨ ਪਰ ਬਾਅਦ ਵਿੱਚ ਲੈਅ ਬਰਕਰਾਰ ਨਹੀਂ ਰੱਖ ਸਕਿਆ। ਉਸ ਦੇ ਸਲਾਮੀ ਬੱਲੇਬਾਜ਼ ਵਿਕਰਮਜੀਤ ਸਿੰਘ ਅਤੇ ਬਾਸ ਡੀ ਲੀਡੇ ਨੇ ਨੀਮ ਸੈਂਕੜੇ ਜੜੇ ਸਨ। -ਪੀਟੀਆਈ