ਭਾਰਤ ਨੂੰ ਨਿਸ਼ਾਨੇਬਾਜ਼ੀ ਸੰਯੁਕਤ ਵਿਸ਼ਵ ਕੱਪ ਤੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ
ਮਿਊਨਿਖ, 10 ਜੁਲਾਈ
ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈਐੈੱਸਐੈੱਸਐੱਫ) ਨੇ ਅੱਜ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਨਵੀਂ ਦਿੱਲੀ ਨੂੰ ਦੋ ਵੱਡੇ ਮੁਕਾਬਲਿਆਂ ਸੰਯੁਕਤ ਵਿਸ਼ਵ ਕੱਪ-2027 ਅਤੇ ਜੂਨੀਅਰ ਵਿਸ਼ਵ ਚੈਪੀਅਨਸ਼ਿਪ-2028 ਦੀ ਮੇਜ਼ਬਾਨੀ ਸੌਂਪੀ ਹੈ। ਸੈਸ਼ਨ 2026-27 ਦੇ ਕੈਲੰਡਰ ਦਾ ਐਲਾਨ ਕਰਦਿਆਂ ਆਈਐੈੱਸਐੈੱਸਐੱਫ ਨੇ ਕਿਹਾ ਕਿ ਇਸ ਵਰ੍ਹੇ ਸਤੰਬਰ-ਅਕਤੂਬਰ ’ਚ ਜੂਨੀਅਰ ਵਿਸ਼ਵ ਕੱਪ (ਰਾਈਫਲ/ਪਿਸਟਲ/ਸ਼ਾਟਗੰਨ) ਦੀ ਮੇਜ਼ਬਾਨੀ ਵਾਲੀ ਨਵੀਂ ਦਿੱਲੀ ਅਗਲੇ ਸਾਲ ਤਿੰਨ ਵਰਗਾਂ ’ਚ ਵੱਕਾਰੀ ਵਿਸ਼ਵ ਕੱਪ ਗੇੜ ਦੀ ਮੇਜ਼ਬਾਨੀ ਕਰੇਗੀ, ਜਿਸ ਦੀਆਂ ਤਰੀਕਾਂ ਦਾ ਐਲਾਨ ਢੁੱਕਵੇਂ ਸਮੇਂ ’ਤੇ ਕੀਤਾ ਜਾਵੇਗਾ।
ਅਗਲੇ ਸਾਲ ਏਸ਼ਿਆਈ ਕੱਪ (ਰਾਈਫਲ/ਪਿਸਟਲ) ਵੀ ਭਾਰਤ ਵਿੱਚ ਹੋਣਾ ਹੈ। ਆਈਐੈੱਸਐੱਸਐੱਫ ਨੇ 2027 ’ਚ ਵੱਕਾਰੀ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਲਈ ਡੇਗੂ (ਦੱਖਣੀ ਕੋਰੀਆ) ਅਤੇ ਕਾਹਿਰਾ ਸ਼ਹਿਰਾਂ ਦੀ ਪੁਸ਼ਟੀ ਕੀਤੀ ਜੋ 2028 ਲਾਸ ਏਂਜਲਸ ਓਲੰਪਿਕ ਲਈ ਕੁਆਲੀਫਿਕੇਸ਼ਨ ਮੁਕਾਬਲਾ ਹੋਵੇਗਾ। ਆਈਐੱਸਐੱਸਐੱਫ ਵਿਸ਼ਵ ਕੱਪ ਫਾਈਨਲ ਵੀ 2027 ’ਚ ਡੇਗੂ ਵਿੱਚ ਹੀ ਹੋਵੇਗਾ। ਕਾਹਿਰਾ 2027 ’ਚ ਸ਼ਾਟਗੰਨ ਵਿਸ਼ਵ ਕੱਪ ਚੈਂਪੀਅਨਸ਼ਿਪ ਦੇ ਮੇਜ਼ਬਾਨੀ ਕਰੇਗਾ। -ਪੀਟੀਆਈ
ਹਰ ਸਾਲ ਕੌਮਾਂਤਰੀ ਮੁਕਾਬਲੇ ਦੀ ਮੇਜ਼ਬਾਨੀ ਕਰਨੀ ਸ਼ਾਨਦਾਰ ਮੌਕਾ: ਐੱਨਆਰਏਆਈ
ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ (ਐੱਨਆਰਏਆਈ) ਦੇ ਪ੍ਰਧਾਨ ਕਲੀਕੇਸ਼ ਨਾਰਾਇਣ ਸਿੰਘ ਦੇਵ ਨੇ ਆਈਐੈੱਸਐੈੱਸਐੱਫ ਵੱਲੋਂ ਕੀਤੇ ਐਲਾਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ, ‘‘ਲਾਸ ਏਂਜਲਸ ਓਲੰਪਿਕ ਨੂੰ ਆਪਣਾ ਟੀਚਾ ਮੰਨਦਿਆਂ ਉਸ ਤੋਂ ਪਹਿਲਾਂ ਹਰ ਸਾਲ ਘੱਟੋ-ਘੱਟ ਇੱਕ ਕੌਮਾਂਤਰੀ ਮੁਕਾਬਲੇ ਦੀ ਮੇਜ਼ਬਾਨੀ ਕਰਨੀ ਇੱਕ ਸ਼ਾਨਦਾਰ ਮੌਕਾ ਹੈ। ਇਸ ਨਾਲ ਸੀਨੀਅਰ ਖਿਡਾਰੀਆਂ ਨੂੰ ਉਤਸ਼ਾਹ ਮਿਲਦਾ ਹੈ ਤੇ ਜੂਨੀਅਰ ਖਿਡਾਰੀਆਂ ਨੂੰ ਘਰੇਲੂ ਪੱਧਰ ’ਤੇ ਉੱਚ ਪੱਧਰੀ ਮੁਕਬਲਿਆਂ ਦਾ ਮਾਹੌਲ ਦਾ ਲਾਭ ਤਜਰਬਾ ਹਾਸਲ ਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਭਾਰਤੀ ਨਿਸ਼ਾਨੇਬਾਜ਼ੀ ਲੀਗ ਦੀ ਸ਼ੁਰੂਆਤ ਸਾਡੀਆਂ ਕੋਸ਼ਿਸ਼ਾਂ ਵਿੱਚ ਇੱਕ ਨਵਾਂ ਮੀਲ ਪੱਥਰ ਜੋੜਦੀ ਹੈ। ਅਸੀਂ ਆਈਐੈੱਸਐੱਸਐੱਫ ਦੇ ਧੰਨਵਾਦੀ ਹਾਂ ਤੇ ਅਸੀਂ ਭਾਰਤ ਨੂੰ ਆਪਣੀ ਪਸੰਦੀਦਾ ਖੇਡ ਦਾ ਆਲਮੀ ਕੇਂਦਰ ਬਣਾਉਣ ਲਈ ਵਚਨਬੱਧ ਹਾਂ।’’