ਦੱਖਣੀ ਅਫਰੀਕਾ ਤੋਂ ਹਾਰ ਬਾਅਦ ਡਬਲਿਊਟੀਸੀ ਸੂਚੀ ’ਚ ਪੰਜਵੇਂ ਸਥਾਨ ’ਤੇ ਪੁੱਜਿਆ ਭਾਰਤ
ਦੱਖਣੀ ਅਫਰੀਕਾ ਤੋਂ ਹਾਰ ਤੋਂ ਬਾਅਦ ਭਾਰਤ ਵਿਸ਼ਵ ਟੈਸਟ ਚੈਂਂਪੀਅਨਸ਼ਿਪ (ਡਬਲਿਊਟੀਸੀ) ਸੂਚੀ ਵਿਚ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਇਸ ਕਾਰਨ ਭਾਰਤ ਦੇ ਵਿਸ਼ਵ ਕੱਪ ਫਾਈਨਲ ਵਿਚ ਪੁੱਜਣ ਦੀਆਂ ਸੰਭਾਵਨਾਵਾਂ ਨੂੰ ਵੱਡਾ ਝਟਕਾ ਲੱਗਿਆ ਹੈ। ਭਾਰਤ ਨੂੰ ਅੱਜ ਗੁਹਾਟੀ ਟੈਸਟ ਵਿਚ ਦੱਖਣੀ ਅਫਰੀਕਾ ਤੋਂ 408 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਭਾਰਤ ਦੀ ਵੱਡੀ ਹਾਰ ਹੈ। ਇਸ ਸਾਲ ਦੇ ਸ਼ੁਰੂ ਵਿਚ ਇੰਗਲੈਂਡ ਵਿਚ ਸੀਰੀਜ਼ ਬਰਾਬਰ ਕਰਨ ਵਾਲੀ ਭਾਰਤੀ ਟੀਮ ਦੱਖਣੀ ਅਫਰੀਕਾ ਤੋਂ ਸੀਰੀਜ਼ ਹਾਰਨ ਤੋਂ ਬਾਅਦ ਪੰਜਵੇਂ ਸਥਾਨ ’ਤੇ ਆ ਗਈ ਹੈ ਤੇ ਭਾਰਤ ਦਾ ਪੀਸੀਟੀ 48.15 ’ਤੇ ਆ ਗਿਆ ਹੈ।
ਭਾਰਤ ਨੇ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਗੇੜ ਵਿਚ ਨੌਂ ਟੈਸਟ ਮੈਚ ਖੇਡੇ ਹਨ ਜਿਨ੍ਹਾਂ ਵਿਚ ਚਾਰ ਜਿੱਤੇ ਹਨ ਤੇ ਚਾਰ ਹਾਰੇ ਹਨ ਜਦਕਿ ਇਕ ਮੈਚ ਡਰਾਅ ਰਿਹਾ।
ਭਾਰਤੀ ਟੀਮ ਅਗਲੇ ਸਾਲ ਅਗਸਤ ਵਿਚ ਦੋ ਟੈਸਟ ਮੈਚਾਂ ਦੀ ਲੜੀ ਲਈ ਸ੍ਰੀਲੰਕਾ ਦਾ ਦੌਰਾ ਕਰੇਗੀ ਤੇ ਉਸ ਤੋਂ ਬਾਅਦ ਅਕਤੂਬਰ-ਨਵੰਬਰ ਵਿਚ ਨਿਊਜ਼ੀਲੈਂਡ ਖ਼ਿਲਾਫ਼ ਲੜੀ ਖੇਡੇਗੀ। ਦੂਜੇ ਪਾਸੇ ਦੱਖਣੀ ਅਫਰੀਕਾ ਨੇ ਆਪਣੀ ਸਥਿਤੀ ਮਜ਼ਬੂਤ ਬਣਾ ਲਈ ਹੈ। ਉਹ ਸਿਖਰ ’ਤੇ ਚਲ ਰਹੀ ਆਸਟਰੇਲੀਆ ਤੋਂ ਬਾਅਦ ਦੂਜੇ ਸਥਾਨ ’ਤੇ ਆ ਗਈ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਫਾਈਨਲ ਮੈਚ ਖੇਡਣਗੀਆਂ।
