ਗੈਰ-ਕਾਨੂੰਨੀ ਸੱਟੇਬਾਜ਼ੀ: ਸ਼ਿਖਰ ਧਵਨ ਈਡੀ ਅੱਗੇ ਪੇਸ਼
ਉਹ ਸਵੇਰੇ 11 ਵਜੇ ਦੇ ਕਰੀਬ ਕੇਂਦਰੀ ਦਿੱਲੀ ਵਿੱਚ ਸੰਘੀ ਜਾਂਚ ਏਜੰਸੀ ਦੇ ਦਫ਼ਤਰ ਪੁੱਜਿਆ। ਸੂਤਰਾਂ ਨੇ ਕਿਹਾ ਕਿ ਏਜੰਸੀ ਨੇ 1xBet ਨਾਮਕ ਇੱਕ ‘ਗੈਰ-ਕਾਨੂੰਨੀ’ ਸੱਟੇਬਾਜ਼ੀ ਐਪ ਨਾਲ ਜੁੜੀ ਇਸ ਜਾਂਚ ਸਬੰਧੀ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਤਹਿਤ ਸ਼ਿਖਰ ਧਵਨ ਦਾ ਬਿਆਨ ਦਰਜ ਕੀਤਾ।
ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਨੂੰ ਕੁਝ ਖਾਸ ਸਮਰਥਨਾਂ ਰਾਹੀਂ ਐਪ ਨਾਲ ਜੁੜਿਆ ਸਮਝਿਆ ਜਾਂਦਾ ਹੈ। ਈਡੀ ਪੁੱਛ ਪੜਤਾਲ ਦੌਰਾਨ ਇਸ ਐਪ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਜਾਣਨਾ ਚਾਹੁੰਦੀ ਹੈ।
ਏਜੰਸੀ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨਾਲ ਜੁੜੇ ਕਈ ਅਜਿਹੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਖ਼ਿਲਾਫ਼ ਕਈ ਲੋਕਾਂ ਅਤੇ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਜਾਂ ਵੱਡੀ ਮਾਤਰਾ ਵਿੱਚ ਟੈਕਸ ਚੋਰੀ ਕਰਨ ਦਾ ਦੋਸ਼ ਹੈ।
ਪਿਛਲੇ ਮਹੀਨੇ ਇਸ ਮਾਮਲੇ ਸਬੰਧੀ ਸੰਘੀ ਜਾਂਚ ਏਜੰਸੀ ਨੇ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਤੋਂ ਪੁੱਛ ਪੜਤਾਲ ਕੀਤੀ ਸੀ।
ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਇੱਕ ਕਾਨੂੰਨ ਲਿਆ ਕੇ ਪੈਸੇ ਲਗਾ ਕੇ ਖੇਡੀਆਂ ਜਾਣ ਵਾਲੀਆਂ ਆਨਲਾਈਨ ਗੇਮਿੰਗ ’ਤੇ ਪਾਬੰਦੀ ਲਗਾ ਦਿੱਤੀ ਹੈ।
ਮਾਰਕੀਟ ਵਿਸ਼ਲੇਸ਼ਣ ਫਰਮਾਂ ਅਤੇ ਜਾਂਚ ਏਜੰਸੀਆਂ ਦੇ ਅਨੁਮਾਨਾਂ ਅਨੁਸਾਰ ਅਜਿਹੀਆਂ ਵੱਖ-ਵੱਖ ਆਨਲਾਈਨ ਸੱਟੇਬਾਜ਼ੀ ਐਪਸ ਵਿੱਚ ਲਗਭਗ 22 ਕਰੋੜ ਭਾਰਤੀ ਉਪਭੋਗਤਾ ਹਨ, ਜਿਨ੍ਹਾਂ ਵਿੱਚੋਂ ਅੱਧੇ (ਲਗਭਗ 11 ਕਰੋੜ) ਨਿਯਮਤ ਉਪਭੋਗਤਾ ਹਨ।
ਮਾਹਿਰਾਂ ਮੁਤਾਬਕ ਭਾਰਤ ਵਿੱਚ ਆਨਲਾਈਨ ਸੱਟੇਬਾਜ਼ੀ ਐਪ ਬਾਜ਼ਾਰ 100 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਹੈ, ਜੋ 30 ਫ਼ੀਸਦੀ ਦਰ ਨਾਲ ਵਧ ਰਿਹਾ ਹੈ।
ਸਰਕਾਰ ਨੇ ਹਾਲ ਹੀ ਵਿੱਚ ਸੰਸਦ ਨੂੰ ਦੱਸਿਆ ਕਿ ਉਸ ਨੇ 2022 ਤੋਂ ਜੂਨ 2025 ਤੱਕ ਆਨਲਾਈਨ ਸੱਟੇਬਾਜ਼ੀ ਅਤੇ ਜੂਏਬਾਜ਼ੀ ਪਲੈਟਫਾਰਮਾਂ ਨੂੰ ਬਲਾਕ ਕਰਨ ਲਈ 1,524 ਆਦੇਸ਼ ਜਾਰੀ ਕੀਤੇ ਹਨ।