ਗ਼ੈਰਕਾਨੂੰਨੀ ਸੱਟਾ ਐਪ: ਈਡੀ ਵੱਲੋਂ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ, ਯੂਵਰਾਜ ਤੇ ਸੋਨੂੰ ਸੂਦ ਨੂੰ ਸੰਮਨ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਗੈਰਕਾਨੂੰਨੀ ਆਨਲਾਈਨ ਬੈੱਟਿੰਗ ਐਪ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਸਾਬਕਾ ਕ੍ਰਿਕਟਰ ਰੌਬਿਨ ਉਥੱਪਾ ਯੂਵਰਾਜ ਸਿੰਘ ਅਤੇ ਸੋਨੂੰ ਸੂਦ ਨੂੰ ਸੰਮਨ ਕੀਤਾ ਹੈ।
ਸੂਤਰਾਂ ਨੇ ਕਿਹਾ ਕਿ ਇਨ੍ਹਾਂ ਨੂੰ 1xBet ਨਾਂ ਦੇ ਪਲੈਟਫਾਰਮ ਨਾਲ ਸਬੰਧਤ ਕੇਸ ਵਿਚ ਭ੍ਰਿਸ਼ਟਾਚਾਰ ਰੋਕੂ ਐਕਟ (PMLA) ਤਹਿਤ ਬਿਆਨ ਦਰਜ ਕਰਵਾਉਣ ਲਈ ਸੱਦਿਆ ਗਿਆ ਹੈ। ਸੂਤਰਾਂ ਮੁਤਾਬਕ ਸਾਬਕਾ ਕ੍ਰਿਕਟਰ ਰੋਬਿਲ ਉਥੱਪਾ ਨੂੰ 22 ਸਤੰਬਰ, ਯੂਵਰਾਜ ਸਿੰਘ ਨੂੰ 23 ਸਤੰਬਰ ਅਤੇ ਸੋਨੂੰ ਸੂਦ ਨੂੰ 24 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਇਸ ਤੋਂ ਪਹਿਲਾਂ ਸੰਘੀ ਜਾਂਚ ਏਜੰਸੀ ਸਾਬਕਾ ਕ੍ਰਿਕਟਰਾਂ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਤੋਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਪੁੱਛ ਪੜਤਾਲ ਕਰ ਚੁੱਕੀ ਹੈ। ਏਜੰਸੀ ਨੇ ਸੋਮਵਾਰ ਨੂੰ ਇਸ ਕੇਸ ਵਿਚ ਤ੍ਰਿਣਮੂਲ ਕਾਂਗਰਸ ਦੀ ਸਾਬਕਾ ਐੱਮਪੀ ਤੇ ਅਦਾਕਾਰਾ ਮਿਮੀ ਚੱਕਰਵਰਤੀ ਦੇ ਬਿਆਨ ਕਲਮਬੰਦ ਕੀਤੇ ਸਨ।
ਸੂਤਰਾਂ ਨੇ ਦੱਸਿਆ ਕਿ ਬੰਗਾਲੀ ਅਦਾਕਾਰ ਅੰਕੁਸ਼ ਹਾਜ਼ਰਾ ਮੰਗਲਵਾਰ ਨੂੰ ਇਸ ਮਾਮਲੇ ਵਿੱਚ ਆਪਣੇ ਨਿਰਧਾਰਤ ਸੰਮਨ ’ਤੇ ਈਡੀ ਅੱਗੇ ਪੇਸ਼ ਹੋਏ, ਜਦੋਂ ਕਿ 1xBet ਦੀ ਭਾਰਤ ਬ੍ਰਾਂਡ ਅੰਬੈਸਡਰ, ਅਦਾਕਾਰਾ ਉਰਵਸ਼ੀ ਰੌਤੇਲਾ, ਨੂੰ ਵੀ ਅੱਜ ਪੁੱਛਗਿੱਛ ਲਈ ਸੱਦਿਆ ਗਿਆ ਹੈ।