ਆਈਸੀਸੀ ਦਰਜਾਬੰਦੀ: ਵਰੁਣ ਚੱਕਰਵਰਤੀ ਟੀ20 ਗੇਂਦਬਾਜ਼ਾਂ ਵਿਚ ਸਿਖਰ ’ਤੇ
ਸਪਿੰਨਰ ਵਰੁਣ ਚੱਕਰਵਰਤੀ ਪਹਿਲੀ ਵਾਰ ਆਈਸੀਸੀ ਟੀ-20 ਕੌਮਾਂਤਰੀ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ। ਉਹ ਇਹ ਮਾਅਰਕਾ ਮਾਰਨ ਵਾਲਾ ਤੀਜਾ ਭਾਰਤੀ ਬਣ ਗਿਆ ਹੈ। ਚੱਕਰਵਰਤੀ ਤੋਂ ਪਹਿਲਾਂ ਭਾਰਤ ਦੇ ਜਸਪ੍ਰੀਤ ਬੁਮਰਾਹ ਅਤੇ ਰਵੀ ਬਿਸ਼ਨੋਈ ਆਈਸੀਸੀ ਟੀ-20 ਗੇਂਦਬਾਜ਼ੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਪਹੁੰਚੇ ਸਨ।
ਚੱਕਰਵਰਤੀ ਨੇ ਏਸ਼ੀਆ ਕੱਪ ਵਿੱਚ ਯੂਏਈ ਵਿਰੁੱਧ ਚਾਰ ਦੌੜਾਂ ਬਦਲੇ ਇਕ ਅਤੇ ਪਾਕਿਸਤਾਨ ਵਿਰੁੱਧ 24 ਦੌੜਾਂ ਬਦਲੇ ਇਕ ਵਿਕਟ ਲਈ ਸੀ। ਉਹ ਨਿਊਜ਼ੀਲੈਂਡ ਦੇ ਜੈਕਬ ਡਫੀ ਨੂੰ ਪਛਾੜ ਕੇ ਨੰਬਰ ਇੱਕ ਸਥਾਨ ’ਤੇ ਪਹੁੰਚਿਆ ਸੀ। ਇਸ ਤੋਂ ਪਹਿਲਾਂ, ਉਹ ਫਰਵਰੀ 2025 ਵਿੱਚ ਦੂਜੇ ਸਥਾਨ ’ਤੇ ਰਿਹਾ ਸੀ।
ਆਈਸੀਸੀ ਨੇ ਇਕ ਬਿਆਨ ਵਿਚ ਕਿਹਾ, ‘‘ਭਾਰਤੀ ਸਪਿਨਰ ਵਰੁਣ ਚੱਕਰਵਰਤੀ ਨੂੰ 2025 ਵਿੱਚ ਉਸ ਦੇ ਨਿਰੰਤਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਉਹ ਆਈਸੀਸੀ ਪੁਰਸ਼ ਟੀ-20 ਖਿਡਾਰੀਆਂ ਦੀ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।’’
ਖੱਬੇ ਹੱਥ ਦੇ ਸਪਿੰਨਰ ਕੁਲਦੀਪ ਯਾਦਵ 16 ਸਥਾਨਾਂ ਦੇ ਉਛਾਲ ਨਾਲ 23ਵੇਂ ਸਥਾਨ ਜਦੋਂ ਕਿ ਸਪਿੰਨ ਆਲਰਾਊਂਡਰ ਅਕਸ਼ਰ ਪਟੇਲ ਇੱਕ ਸਥਾਨ ਉੱਪਰ 12ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਬੁਮਰਾਹ ਚਾਰ ਸਥਾਨਾਂ ਦੀ ਛਾਲ ਮਾਰ ਕੇ 40ਵੇਂ ਸਥਾਨ ’ਤੇ ਹੈ। ਹਰਫ਼ਨਮੌਲਾ ਖਿਡਾਰੀਆਂ ਵਿੱਚ ਹਾਰਦਿਕ ਪੰਡਿਆ ਸਿਖਰ ’ਤੇ ਹੈ, ਜਦੋਂ ਕਿ ਅਭਿਸ਼ੇਕ ਸ਼ਰਮਾ ਚਾਰ ਸਥਾਨਾਂ ਦੀ ਛਾਲ ਮਾਰ ਕੇ 14ਵੇਂ ਸਥਾਨ ’ਤੇ ਪਹੁੰਚ ਗਿਆ।
ਅਭਿਸ਼ੇਕ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰ ’ਤੇ ਬਣਿਆ ਹੋਇਆ ਹੈ, ਉਸ ਨੇ ਕਰੀਅਰ ਦੇ ਸਭ ਤੋਂ ਉੱਚੇ 884 ਦਰਜਾਬੰਦੀ ਅੰਕ ਪ੍ਰਾਪਤ ਕੀਤੇ ਹਨ। ਸ਼ੁਭਮਨ ਗਿੱਲ 39ਵੇਂ ਸਥਾਨ ’ਤੇ ਹੈ। ਤਿਲਕ ਵਰਮਾ ਦੋ ਸਥਾਨ ਹੇਠਾਂ ਚੌਥੇ ਸਥਾਨ ’ਤੇ ਡਿੱਗ ਗਿਆ ਹੈ, ਅਤੇ ਸੂਰਿਆਕੁਮਾਰ ਯਾਦਵ ਇੱਕ ਸਥਾਨ ਹੇਠਾਂ ਸੱਤਵੇਂ ਸਥਾਨ ’ਤੇ ਆ ਗਿਆ ਹੈ। ਇੰਗਲੈਂਡ ਦਾ ਫਿਲ ਸਾਲਟ ਦੂਜੇ ਜਦੋਂਕਿ ਜੋਸ ਬਟਲਰ ਤੀਜੇ ਸਥਾਨ ’ਤੇ ਹੈ।