ਆਈਸੀਸੀ ਇਕ ਦਿਨਾ ਰੈਂਕਿੰਗ: ਭਾਰਤ ਦੀ ਸਮ੍ਰਿਤੀ ਮੰਧਾਨਾ ਸਿਖਰ ’ਤੇ ਪੁੱਜੀ
Mandhana reclaims No.1 spot in ICC ODI ranking ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਆਈ.ਸੀ.ਸੀ. ਇਕ ਦਿਨਾ ਰੈਂਕਿੰਗ ਵਿੱਚ ਮਹਿਲਾ ਬੱਲੇਬਾਜ਼ਾਂ ਵਿਚੋਂ ਸਿਖਰ ’ਤੇ ਪੁੱਜ ਗਈ ਹੈ ਤੇ ਉਸ ਨੇ ਛੇ ਸਾਲਾਂ ਬਾਅਦ ਮੁੜ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਭਾਰਤੀ ਟੀਮ ਆਸਟਰੇਲੀਆ ਤੋਂ ਹਾਰ ਗਈ ਸੀ ਪਰ ਇਸ ਮੈਚ ਵਿਚ ਸਮ੍ਰਿਤੀ ਨੇ ਅਰਧ ਸੈਂਕੜਾ ਜੜਿਆ ਸੀ। ਮੰਧਾਨਾ ਨੇ ਮੁੱਲਾਂਪੁਰ ਵਿੱਚ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ 63 ਗੇਂਦਾਂ ਵਿੱਚ 58 ਦੌੜਾਂ ਬਣਾਈਆਂ ਪਰ ਉਸ ਦੀ ਵਧੀਆ ਪਾਰੀ ਨਾਲ ਭਾਰਤ ਨੂੰ ਜਿੱਤ ਨਸੀਬ ਨਾ ਹੋਈ। ਸਮ੍ਰਿਤੀ ਇਸ ਰੈਂਕਿੰਗ ਵਿਚ ਪਹਿਲੇ ਸਥਾਨ ’ਤੇ ਪੁੱਜ ਗਈ ਹੈ ਜਿਸ ਨਾਲ ਉਸ ਦਾ 30 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਆਤਮ ਵਿਸ਼ਵਾਸ ਵਧੇਗਾ। ਮੰਧਾਨਾ ਸਾਲ 2019 ਵਿੱਚ ਇਕ ਦਿਨਾ ਕ੍ਰਿਕਟ ਵਿਚ ਨੰਬਰ 1 ਬੱਲੇਬਾਜ਼ ਸੀ। ਦੂਜੇ ਪਾਸੇ ਇੰਗਲੈਂਡ ਦੀ ਨਟ ਬਰੰਟ ਦੂਜੇ ਨੰਬਰ ’ਤੇ ਪੁੱਜ ਗਈ ਹੈ। ਮੰਧਾਨਾ ਦੇ ਅਰਧ ਸੈਂਕੜੇ ਨਾਲ ਉਸ ਨੂੰ ਸੱਤ ਰੇਟਿੰਗ ਅੰਕ ਮਿਲੇ ਤੇ ਉਹ ਇੰਗਲੈਂਡ ਦੀ ਬਰੰਟ ਤੋਂ ਚਾਰ ਅੰਕ ਅੱਗੇ ਹੋ ਗਈ ਹੈ। ਪੀਟੀਆਈ