ਆਈ ਸੀ ਸੀ ਸੁਣਵਾਈ: ਸੂਰਿਆਕੁਮਾਰ ਨੂੰ ਸਿਆਸੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਹਦਾਇਤ
ਦੂਜੇ ਪਾਸੇ ਪਾਕਿਸਤਾਨੀ ਕ੍ਰਿਕਟਰਾਂ ਸਾਹਿਬਜ਼ਾਦਾ ਫਰਹਾਨ ਤੇ ਹੈਰਿਸ ਰਾਊਫ ਖ਼ਿਲਾਫ਼ ਬੀ ਸੀ ਸੀ ਆਈ ਵੱਲੋਂ ਦਾਇਰ ਸ਼ਿਕਾਇਤ ’ਤੇ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ।
ਮੰਨਿਆ ਜਾ ਰਿਹਾ ਹੈ ਕਿ ਪੀ ਸੀ ਬੀ ਨੇ 14 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਏ ਮੈਚ ਮਗਰੋਂ ਤੈਅ ਸੱਤ ਦਿਨ ਦੀ ਮਿਆਦ ਦੇ ਅੰਦਰ ਭਾਰਤੀ ਕਪਤਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਸੂਰਿਆਕੁਮਾਰ ਨੇ ਇਸ ਮੈਚ ’ਚ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਭਾਰਤ ਦੀ ਜਿੱਤ ਮਈ ਮਹੀਨੇ ‘ਅਪਰੇਸ਼ਨ ਸਿੰਧੂਰ’ ਨੂੰ ਅੰਜਾਮ ਦੇਣ ਵਾਲੇ ਭਾਰਤੀ ਜਵਾਨਾਂ ਨੂੰ ਸਮਰਪਿਤ ਕੀਤੀ ਸੀ ਤੇ ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਇੱਕਜੁਟਤਾ ਪ੍ਰਗਟਾਈ ਸੀ। ਟੂਰਨਾਮੈਂਟ ਦੇ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਸੂੁਰਿਆਕੁਮਾਰ ਅੱਜ ਆਈ ਸੀ ਸੀ ਦੀ ਸੁਣਵਾਈ ’ਚ ਸ਼ਾਮਲ ਹੋਏ। ਉਨ੍ਹਾਂ ਨਾਲ ਬੀ ਸੀ ਸੀ ਆਈ ਦੇ ਸੀ ਈ ਓ ਤੇ ਕ੍ਰਿਕਟ ਸੰਚਾਲਨ ਪ੍ਰਬੰਧਕ ਵੀ ਸਨ। ਰਿਚਰਡਸਨ ਨੇ ਉਨ੍ਹਾਂ (ਸੂਰਿਆ) ਨੂੰ ਸਮਝਾਇਆ ਕਿ ਕੋਈ ਵੀ ਅਜਿਹੀ ਟਿੱਪਣੀ ਨਹੀਂ ਕਰਨੀ ਚਾਹੀਦੀ ਜਿਸ ਨੂੰ ਸਿਆਸੀ ਮੰਨਿਆ ਜਾ ਸਕੇ। ਪਾਬੰਦੀ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਕਿਉਂਕਿ ਇਹ ਟਿੱਪਣੀ ਲੈਵਲ 1 ਹੇਠ ਆਉਂਦੀ ਹੈ, ਇਸ ਲਈ ਚਿਤਾਵਨੀ ਦਿੱਤੀ ਜਾ ਸਕਦੀ ਹੈ ਜਾਂ ਮੈਚ ਫੀਸ ’ਚ 15 ਫ਼ੀਸਦ ਕਟੌਤੀ ਦਾ ਜੁਰਮਾਨਾ ਲੱਗ ਸਕਦਾ ਹੈ।’’
ਦੂਜੇ ਪਾਸੇ ਭਾਰਤ ਨੇ ਏਸ਼ੀਆ ਕੱਪ ਦੇ ਸੁਪਰ-4 ਦੇ ਮੁਕਾਬਲੇ ਦੌਰਾਨ ਪਾਕਿਸਤਾਨੀ ਕ੍ਰਿਕਟਰਾਂ ਹੈਰਿਸ ਰਾਊਫ ਤੇ ਸਾਹਿਬਜ਼ਾਦਾ ਫ਼ਰਹਾਨ ਵੱਲੋਂ ਮੈਦਾਨ ’ਤੇ ਭੜਕਾਊ ਇਸ਼ਾਰੇ ਕਰਨ ਖ਼ਿਲਾਫ਼ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਨੂੰ ਅਧਿਕਾਰਤ ਸ਼ਿਕਾਇਤ ਕੀਤੀ ਹੈ। ਮੰਨਿਆ ਜਾ ਰਿਹਾ ਹੈ ਬੀ ਸੀ ਸੀ ਆਈ ਨੇ ਬੁੱਧਵਾਰ ਨੂੰ ਦੋਵਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਤੇ ਆਈ ਸੀ ਸੀ ਨੂੰ ਈਮੇਲ ਭੇਜੀ ਹੈ। ਆਈ ਸੀ ਸੀ ਇਸ ਮਾਮਲੇ ਸੁਣਵਾਈ ਕਰੇਗੀ ਕਿਉਂਕਿ ਸਾਹਿਬਜ਼ਾਦਾ ਦੇ ਰਾਊਫ ਨੇ ਲਿਖਤੀ ਤੌਰ ’ਤੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੂੰ ਸੁਣਵਾਈ ਲਈ ਆਈ ਸੀ ਸੀ ਇਲੀਟ ਪੈਨਲ ਦੇ ਰੈਫਰੀ ਰਿਚੀ ਰਿਚਰਡਸਨ ਸਾਹਮਣੇ ਪੇਸ਼ ਹੋਣਾ ਪੈ ਸਕਦਾ ਹੈ।
ਨਕਵੀ ਨੇ ‘ਐਕਸ’ ਉੱਤੇ ’ਤੇ ਰਹੱਸਮਈ ਸੀ ਆਰ7 ਵੀਡੀਓ ਪੋਸਟ ਕੀਤੀ
ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਬੁੱਧਵਾਰ ਨੂੰ ‘ਐਕਸ’ ’ਤੇ ਕ੍ਰਿਸਟੀਆਨੋ ਰੋਨਾਲਡੋ ਦੀ ਇੱਕ ਹੌਲੀ-ਮੋਸ਼ਨ ਵੀਡੀਓ ਪੋਸਟ ਕੀਤੀ, ਜਿਸ ’ਚ ਪੁਰਤਗਾਲੀ ਫੁਟਬਾਲਰ ਇਸ਼ਾਰਾ ਕਰਦਾ ਦਿਖਾਈ ਦੇ ਰਿਹਾ ਹੈ ਕਿ ਜਹਾਜ਼ ਅਚਾਨਕ ਕਰੈਸ਼ ਹੋ ਗਿਆ ਹੈ, ਜਿਸ ਦਾ ਸੰਕੇਤ ਹੈਰਿਸ ਰਾਊਫ ਨੇ ਲੰਘੇ ਐਤਵਾਰ ਨੂੰ ਭਾਰਤ ਨਾਲ ਮੈਚ ਦੌਰਾਨ ਮੈਦਾਨ ’ਤੇ ਦਿੱਤਾ ਸੀ। ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਹੋਣ ਤੋਂ ਇਲਾਵਾ, ਦੇਸ਼ ਦੇ ‘ਗ੍ਰਹਿ ਮੰਤਰੀ’ ਵੀ ਹਨ ਤੇ ਭਾਰਤ ਵਿਰੁੱਧ ਭੜਕਾਊ ਬਿਆਨਾਂ ਲਈ ਜਾਣੇ ਜਾਂਦੇ ਹਨ। ਹਾਲਾਂਕਿ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਭਾਰਤੀ ਟੀਮ ਜੋ ਹੁਣ ਏਸ਼ੀਆ ਕੱਪ ਦੇ ਫਾਈਨਲ ’ਚ ਪਹੁੰਚ ਚੁੱਕੀ ਹੈ, ਏ ਸੀ ਸੀ ਚੇਅਰਮੈਨ ਨਾਲ ਮੰਚ ਸਾਂਝਾ ਕਰਦੀ ਹੈ ਜਾਂ ਨਹੀਂ। ਇਹ ਮਾਮਲਾ ਹਾਲੇ ਤੱਕ ਬੀ ਸੀ ਸੀ ਆਈ ਅਤੇ ਆਈ ਸੀ ਸੀ ਦੇ ਧਿਆਨ ’ਚ ਨਹੀਂ ਹੈ।