ਆਪਣੇ ਦੇਸ਼ ਲਈ ਮੁੜ ਵਿਸ਼ਵ ਕੱਪ ਜਿੱਤਣਾ ਚਾਹੁੰਦੇ ਹਾਂ: ਰੋਹਿਤ
FIH: ਭਾਰਤੀ ਹਾਕੀ ਦੇ ਕਪਤਾਨ ਰੋਹਿਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਟੀਮ ਆਪਣੇ ਘਰੇਲੂ ਮੈਦਾਨ ਵਿਚ ਤੇ ਦੇਸ਼ ਵਾਸੀਆਂ ਸਾਹਮਣੇ ਐਫ ਆਈ ਐੱਚ ਪੁਰਸ਼ ਜੂਨੀਅਰ ਵਿਸ਼ਵ ਕੱਪ ਖੇਡਣ ਨੂੰ ਲੈ ਕੇ ਖਾਸੀ ਉਤਸ਼ਾਹਿਤ ਹੈ ਤੇ ਟੀਮ ਇਹ ਖਿਤਾਬ ਮੁੜ ਜਿੱਤਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਦੋ ਵਾਰ ਦੀ ਜੇਤੂ ਭਾਰਤੀ ਟੀਮ ਨੇ ਲਖਨਊ ਵਿਚ ਆਖਰੀ ਵਾਰ 2016 ਵਿੱਚ ਖਿਤਾਬ ਜਿੱਤਿਆ ਸੀ। ਇਹ ਟੂਰਨਾਮੈਂਟ 28 ਨਵੰਬਰ ਤੋਂ 10 ਦਸੰਬਰ ਤਕ ਚੇਨਈ ਤੇ ਮਦੁਰਾਈ ਵਿਚ ਖੇਡਿਆ ਜਾਵੇਗਾ। ਭਾਰਤੀ ਟੀਮ ਅੱਜ ਚੇਨਈ ਪੁੱਜ ਗਈ ਹੈ। ਰੋਹਿਤ ਨੇ ਕਿਹਾ, ‘ਅਸੀਂ ਇਸ ਵੱਕਾਰੀ ਟੂਰਨਾਮੈਂਟ ਲਈ ਚੇਨਈ ਪੁੱਜ ਕੇ ਬਹੁਤ ਉਤਸ਼ਾਹਿਤ ਹਾਂ। ਅਸੀਂ ਕਈ ਮਹੀਨਿਆਂ ਤੋਂ ਇਸ ਦੀ ਤਿਆਰੀ ਕਰ ਰਹੇ ਸਾਂ ਤੇ ਦੁਨੀਆ ਦੀ ਸਰਵੋਤਮ ਟੀਮਾਂ ਦਾ ਸਾਹਮਣਾ ਕਰਨ ਲਈ ਤਿਆਰ ਤੇ ਉਤਸ਼ਾਹਿਤ ਹਾਂ। ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂਗੇ। ਦੱਸਣਾ ਬਣਦਾ ਹੈ ਕਿ ਭਾਰਤੀ ਟੀਮ ਨੂੰ ਪੂਲ ਬੀ ਵਿਚ ਚਿੱਲੀ, ਸਵਿਟਜ਼ਰਲੈਂਡ ਤੇ ਓਮਾਨ ਨਾਲ ਰੱਖਿਆ ਗਿਆ ਹੈ। ਭਾਰਤੀ ਟੀਮ ਨੇ ਹਾਲ ਹੀ ਵਿਚ ਮਲੇਸ਼ੀਆ ਵਿਚ ਜੋਹੋਰ ਕੱਪ ਵਿਚ ਸਿਲਵਰ ਮੈਡਲ ਹਾਸਲ ਕੀਤਾ ਸੀ। ਭਾਰਤ 28 ਨਵੰਬਰ ਨੂੰ ਚਿੱਲੀ, 29 ਨਵੰਬਰ ਨੂੰ ਓਮਾਨ ਤੇ ਦੋ ਦਸੰਬਰ ਨੂੰ ਸਵਿਟਜ਼ਰਲੈਂਡ ਨਾਲ ਖੇਡੇਗਾ। ਪੀਟੀਆਈ
