ਮੈਨੂੰ ਲਹਿਜ਼ਾ ਬਦਲਣ ਦੀ ਲੋੜ ਨਹੀਂ: ਸਰਫ਼ਰਾਜ਼
ਰਣਜੀ ਟਰਾਫੀ ਲਈ ਮੁੰਬਈ ਟੀਮ ਦੇ ਭਾਰਤੀ ਬੱਲੇਬਾਜ਼ ਸਰਫ਼ਰਾਜ਼ ਖ਼ਾਨ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਉਨ੍ਹਾਂ ਵੱਲੋਂ ਵੱਡੀ ਪਾਰੀ ਨਾ ਖੇਡੇ ਜਾਣ ’ਤੇ ਉਨ੍ਹਾਂ ਨੂੰ ਕੋਈ ਨਿਰਾਸ਼ਾ ਨਹੀਂ ਹੈ। ਉਨ੍ਹਾਂ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਮੈਨੂੰ ਆਪਣੀ ਬੱਲੇਬਾਜ਼ੀ ਵਿੱਚ ਕੁਝ ਬਦਲਣ ਦੀ ਲੋੜ ਹੈ।’’ ਜ਼ਿਕਰਯੋਗ ਹੈ ਕਿ ਸਰਫ਼ਰਾਜ਼ ਨੇ ਹੁਣ ਤੱਕ ਰਣਜੀ ਟਰਾਫੀ ਵਿੱਚ ਬਹੁਤਾ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਹੈ। ਉਸ ਨੇ ਚਾਰ ਮੈਚਾਂ ਵਿੱਚ 22 ਦੀ ਔਸਤ ਨਾਲ ਸਿਰਫ਼ 111 ਦੌੜਾਂ ਹੀ ਬਣਾਈਆਂ ਹਨ। ਇੱਕ ਵੀ ਮੈਚ ਵਿੱਚ ਉਸ ਨੇ ਅਰਧ ਸੈਂਕੜਾ ਨਹੀਂ ਜੜਿਆ। ਇਸ ਤੋਂ ਪਹਿਲਾਂ ਦੇ ਰਣਜੀ ਟਰਾਫ਼ੀ ਦੇ ਸੀਜ਼ਨਾਂ ਵਿੱਚ ਉਸ ਨੇ 2022-23 ਵਿੱਚ ਛੇ ਮੈਚਾਂ ਵਿੱਚ 92.66 ਦੀ ਔਸਤ ਨਾਲ 556 ਦੌੜਾਂ ਬਣਾਈਆਂ ਸਨ; 2021-22 ਵਿੱਚ ਛੇ ਮੈਚਾਂ ਵਿੱਚ 122.75 ਦੀ ਔਸਤ ਨਾਲ 982 ਦੌੜਾਂ ਅਤੇ 2019-20 ਸੀਜ਼ਨ ਵਿੱਚ ਛੇ ਮੈਚਾਂ ਵਿੱਚ 154.66 ਦੀ ਔਸਤ ਨਾਲ 928 ਦੌੜਾਂ ਬਣਾਈਆਂ ਸਨ। ਇੱਥੇ ਵਾਨਖੇੇੜੇ ਸਟੇਡੀਅਮ ਵਿੱਚ ਅਭਿਆਸ ਸੈਸ਼ਨ ਦੌਰਾਨ ਬੱਲੇਬਾਜ਼ ਸਰਫ਼ਰਾਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, “ਪਿਛਲੇ ਸੀਜ਼ਨਾਂ ਵਿੱਚ ਮੈਂ ਚੰਗਾ ਹੀ ਖੇਡਦਾ ਆਇਆ ਹਾਂ। ਜਿੰਨਾ ਹੋ ਸਕੇ, ਮੈਂ ਓਨਾ ਅਭਿਆਸ ਕਰ ਰਹਿ ਹਾਂ। ”
