ਹਾਕੀ: ਸੁਲਤਾਨ ਅਜਲਾਨ ਸ਼ਾਹ ਕੱਪ ’ਚ ਸੰਜੈ ਕਰੇਗਾ ਕਪਤਾਨੀ
31ਵੇਂ ਸੁਲਤਾਨ ਅਜਲਾਨ ਸ਼ਾਹ ਕੱਪ ਵਿੱਚ ਪੁਰਸ਼ਾਂ ਦੀ ਭਾਰਤੀ ਹਾਕੀ ਟੀਮ ਦੇ ਕਪਤਾਨ ਸੰਜੈ ਹੋਣਗੇ ਕਿਉਂਕਿ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਣੇ ਕਈ ਖਿਡਾਰੀ 23 ਤੋਂ 30 ਨਵੰਬਰ ਤੱਕ ਮਲੇਸ਼ੀਆ ਵਿੱਚ ਹੋਣ ਵਾਲੇ ਟੂਰਨਾਮੈਂਟ ਲਈ ਅਭਿਆਸ ਕਰ ਰਹੇ ਹਨ। ਇਨ੍ਹਾਂ ਵਿੱਚ ਗੋਲਕੀਪਰ ਕ੍ਰਿਸ਼ਨ ਪਾਠਕ ਤੇ ਸੂਰਜ ਵੀ ਸ਼ਾਮਲ ਹਨ। ਇਨ੍ਹਾਂ ਦੀ ਥਾਂ ਪਵਨ ਤੇ ਮੋਹਿਤ ਨੂੰ ਚੁਣਿਆ ਗਿਆ ਹੈ। ਹਰਮਨਪ੍ਰੀਤ ਸਿੰਘ, ਰਣਜੀਤ, ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਵੀ ਇਸ ਕੱਪ ਵਿੱਚ ਸ਼ਾਮਲ ਨਹੀਂ ਹੋਣਗੇ। ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਕ੍ਰੇਗ ਫ਼ੁਲਟਨ ਨੇ ਦੱਸਿਆ ਕਿ ਸੁਲਤਾਨ ਅਜਲਾਨ ਸ਼ਾਹ ਕੱਪ ਹਮੇਸ਼ਾ ਹੀ ਕੌਮਾਂਤਰੀ ਹਾਕੀ ਵਿੱਚ ਅਹਿਮ ਮੁਕਾਬਲਾ ਰਿਹਾ ਹੈ। ਉਨ੍ਹਾਂ ਦੀ ਟੀਮ ਇਸ ਕੱਪ ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤ 23 ਨਵੰਬਰ ਨੂੰ ਕੋਰੀਆ ਖਿਲਾਫ਼ ਖੇਡ ਕੇ ਸ਼ੁਰੂਆਤ ਕਰੇਗਾ। ਇਸ ਤੋਂ ਬਾਅਦ ਉਹ ਬੈਲਜੀਅਮ ਖ਼ਿਲਾਫ਼ 24 ਨਵੰਬਰ, ਮਲੇਸ਼ੀਆ ਖ਼ਿਲਾਫ਼ 26 ਨਵੰਬਰ, ਨਿਊਜ਼ੀਲੈਂਡ 27 ਨਵੰਬਰ ਅਤੇ ਕੈਨੇਡਾ ਵਿਰੁੱਧ 29 ਨਵੰਬਰ ਨੂੰ ਮੈਚ ਖੇਡਣਗੇ। ਭਾਰਤ ਨੇ ਆਖਰੀ ਵਾਰ ਸੁਲਤਾਨ ਅਜਲਾਨ ਸ਼ਾਹ ਕੱਪ ਵਰ੍ਹਾ 2010 ਵਿੱਚ ਜਿੱਤਿਆ ਸੀ।
