ਹਾਕੀ: ਰਾਊਂਡ ਗਲਾਸ ਤੇ ਸੁਰਜੀਤ ਅਕੈਡਮੀ ਸੈਮੀਫਾਈਨਲ ’ਚ
ਰਾਊਂਡ ਗਲਾਸ ਹਾਕੀ ਅਕੈਡਮੀ, ਸੁਰਜੀਤ ਹਾਕੀ ਅਕੈਡਮੀ ਜਲੰਧਰ, ਸਾਈ ਸੋਨੀਪਤ ਅਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦੀਆਂ ਟੀਮਾਂ ਅੱਜ ਪੰਜਾਬ ਹਾਕੀ ਲੀਗ 2025 ਦੇ ਸੈਮੀਫਾਈਨਲ ਵਿੱਚ ਪਹੁੰਚ ਗਈਆਂ ਹਨ। ਇਹ ਲੀਗ ਹਾਕੀ ਪੰਜਾਬ ਅਤੇ ਰਾਊਂਡ ਗਲਾਸ ਸਪੋਰਟਸ ਵੱਲੋਂ ਓਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਸਾਂਝੇ ਤੌਰ ’ਤੇ ਕਰਵਾਈ ਜਾ ਰਹੀ ਹੈ। ਸੈਮੀਫਾਈਨਲ ਮੁਕਾਬਲੇ 26 ਸਤੰਬਰ ਨੂੰ ਖੇਡੇ ਜਾਣਗੇ।
ਲੀਗ ਗੇੜ ਦੇ ਆਖਰੀ ਦਿਨ ਦੇ ਪਹਿਲੇ ਮੈਚ ਵਿੱਚ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਐੱਸ ਡੀ ਏ ਟੀ ਤਾਮਿਲਨਾਡੂ ਨੂੰ 4-1 ਨਾਲ ਹਰਾਇਆ, ਜਿਸ ਵਿੱਚ ਅਨੀਸ਼ ਡੁੰਗ ਡੁੰਗ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਦੂਜੇ ਮੈਚ ਵਿੱਚ ਰਾਊਂਡ ਗਲਾਸ ਅਕੈਡਮੀ ਨੇ ਗੁਮਹੇਰਾ ਅਕੈਡਮੀ ’ਤੇ 10-1 ਦੀ ਵੱਡੀ ਜਿੱਤ ਦਰਜ ਕੀਤੀ। ਤੀਜੇ ਮੁਕਾਬਲੇ ਵਿੱਚ ਸਾਈ ਸੋਨੀਪਤ ਨੇ ਐੱਸ ਜੀ ਪੀ ਸੀ ਅਕੈਡਮੀ ਨੂੰ 2-0 ਨਾਲ ਹਰਾਇਆ ਅਤੇ ਸਾਈ ਦੇ ਅੰਕੁਸ਼ ਨੂੰ ਸਰਵੋਤਮ ਖਿਡਾਰੀ ਚੁਣਿਆ ਗਿਆ। ਆਖਰੀ ਲੀਗ ਮੈਚ ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਨਾਮਧਾਰੀ ਅਕੈਡਮੀ ਨੂੰ 6-1 ਨਾਲ ਮਾਤ ਦਿੱਤੀ, ਜਿਸ ਵਿੱਚ ਦੋ ਗੋਲ ਕਰਨ ਵਾਲੇ ਕਰਨ ਸਿੰਘ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ।
ਅੱਜ ਦੇ ਮੈਚਾਂ ਦੌਰਾਨ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈਨ, ਜਲੰਧਰ ਦੀ ਪ੍ਰਿੰਸੀਪਲ ਡਾਕਟਰ ਸਰਬਜੀਤ ਕੌਰ, ਓਲੰਪੀਅਨ ਸੁਖਜੀਤ ਸਿੰਘ, ਮਨਦੀਪ ਸਿੰਘ, ਉਦਿਤਾ ਦੁਹਾਨ, ਲਖਵਿੰਦਰ ਪਾਲ ਸਿੰਘ ਅਤੇ ਸਤਨਾਮ ਸਿੰਘ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।