ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਕੀ: ਪਾਕਿ ਟੀਮ ਨੂੰ ਭਾਰਤੀ ਖਿਡਾਰੀਆਂ ਨਾਲ ਟਕਰਾਅ ਤੋਂ ਬਚਣ ਦੀ ਸਲਾਹ

ਸੁਲਤਾਨ ਜੋਹੋਰ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਅੱਜ ਹੋਣਗੇ ਆਹਮੋ-ਸਾਹਮਣੇ; ਭਾਰਤੀ ਖਿਡਾਰੀ ਗੁਆਂਢੀ ਦੇਸ਼ ਦੀ ਟੀਮ ਨਾਲ ਹੱਥ ਮਿਲਾਉਣ ਤੋਂ ਕਰ ਸਕਦੇ ਹਨ ਇਨਕਾਰ
Advertisement
ਪਾਕਿਸਤਾਨ ਹਾਕੀ ਫੈਡਰੇਸ਼ਨ (ਪੀ ਐੱਚ ਐੱਫ) ਨੇ ਆਪਣੀ ਕੌਮੀ ਟੀਮ ਦੇ ਖਿਡਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੈਦਾਨ ’ਤੇ ਭਾਰਤੀ ਖਿਡਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਅਤੇ ਮੰਗਲਵਾਰ ਨੂੰ ਮਲੇਸ਼ੀਆ ਦੇ ਜੋਹੋਰ ਬਾਹਰੂ ਵਿੱਚ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਦੇ ਮੈਚ ਦੌਰਾਨ ਸਿਰਫ਼ ਆਪਣੀ ਖੇਡ ’ਤੇ ਧਿਆਨ ਕੇਂਦਰਿਤ ਕਰਨ।

ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਟੀਮ ਨੇ ਹਾਲ ਹੀ ਵਿੱਚ ਹੋਏ ਏਸ਼ੀਆ ਕੱਪ ਦੇ ਮੈਚਾਂ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ ਸੀ। ਇਸ ਨਾਲ ਵਿਵਾਦ ਪੈਦਾ ਹੋ ਗਿਆ ਸੀ ਅਤੇ ਪਾਕਿਸਤਾਨ ਨੇ ਏਸ਼ੀਅਨ ਕ੍ਰਿਕਟ ਕੌਂਸਲ (ਏ ਸੀ ਸੀ) ਅਤੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ ਸੀ ਸੀ) ਕੋਲ ਇਸ ਦਾ ਵਿਰੋਧ ਦਰਜ ਕਰਵਾਇਆ ਸੀ। ਸੰਭਾਵਨਾ ਹੈ ਕਿ ਭਾਰਤੀ ਜੂਨੀਅਰ ਹਾਕੀ ਟੀਮ ਵੀ ਮੰਗਲਵਾਰ ਨੂੰ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਮੈਚ ਵਿੱਚ ਆਪਣੀ ਕ੍ਰਿਕਟ ਟੀਮ ਵਾਂਗ ਹੀ ਕਰੇਗੀ।

Advertisement

ਪੀ ਐੱਚ ਐੱਫ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਭਾਰਤੀ ਟੀਮ ਦੀ ਹੱਥ ਨਾ ਮਿਲਾਉਣ ਦੀ ਨੀਤੀ ਲਈ ਮਾਨਸਿਕ ਤੌਰ ’ਤੇ ਤਿਆਰ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ, ‘‘ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਜੇ ਭਾਰਤੀ ਖਿਡਾਰੀ ਮੈਚ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੱਥ ਨਹੀਂ ਮਿਲਾਉਂਦੇ, ਤਾਂ ਉਹ ਇਸ ਨੂੰ ਨਜ਼ਰਅੰਦਾਜ਼ ਕਰ ਕੇ ਅੱਗੇ ਵਧਣ। ਉਨ੍ਹਾਂ ਨੂੰ ਖੇਡ ਦੌਰਾਨ ਕਿਸੇ ਵੀ ਤਰ੍ਹਾਂ ਦੇ ਭਾਵਨਾਤਮਕ ਟਕਰਾਅ ਤੋਂ ਬਚਣ ਲਈ ਵੀ ਕਿਹਾ ਗਿਆ ਹੈ।’’ ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਅਗਸਤ ਵਿੱਚ ਬਿਹਾਰ ਦੇ ਰਾਜਗੀਰ ਵਿੱਚ ਹੋਏ ਪੁਰਸ਼ ਏਸ਼ੀਆ ਕੱਪ ਲਈ ਆਪਣੀ ਟੀਮ ਭਾਰਤ ਨਹੀਂ ਭੇਜੀ ਸੀ।

Advertisement
Show comments