ਹਾਕੀ: ਜਲੰਧਰ ਵਿੱਚ ਜੂਨੀਅਰ ਕੌਮੀ ਚੈਂਪੀਅਨਸ਼ਿਪ ਅੱਜ ਤੋਂ
ਹਾਕੀ ਇੰਡੀਆ ਜੂਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਵਿੱਚ 30 ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ ਮੰਗਲਵਾਰ ਤੋਂ ਜਲੰਧਰ ਵਿੱਚ ਸ਼ੁਰੂ ਹੋਵੇਗੀ ਤੇ ਇੱਕ ਨਵੇਂ ਡਿਵੀਜ਼ਨ-ਆਧਾਰਤ ਫਾਰਮੈਟ ਵਿੱਚ ਖੇਡੀ ਜਾਵੇਗੀ। ਸੀਨੀਅਰ ਅਤੇ ਸਬ-ਜੂਨੀਅਰ ਪੁਰਸ਼, ਮਹਿਲਾ ਅਤੇ ਜੂਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਵਿੱਚ ਨਵਾਂ ਫਾਰਮੈਟ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ। ਹਿੱਸਾ ਲੈਣ ਵਾਲੀਆਂ 30 ਟੀਮਾਂ ਨੂੰ ਡਿਵੀਜ਼ਨ ‘ਏ’, ਡਿਵੀਜ਼ਨ ‘ਬੀ’ ਅਤੇ ਡਿਵੀਜ਼ਨ ‘ਸੀ’ ਵਿੱਚ ਵੰਡਿਆ ਗਿਆ ਹੈ। ਟੀਮਾਂ ਚੰਗੇ ਪ੍ਰਦਰਸ਼ਨ ਨਾਲ ਉਪਰਲੇ ਡਿਵੀਜ਼ਨ ਵਿੱਚ ਜਗ੍ਹਾ ਬਣਾ ਸਕਦੀਆਂ ਹਨ ਅਤੇ ਮਾੜੇ ਪ੍ਰਦਰਸ਼ਨ ਨਾਲ ਹੇਠਾਂ ਵੀ ਖਿਸਕ ਸਕਦੀਆਂ ਹਨ।
ਡਿਵੀਜ਼ਨ ‘ਏ’ ਵਿੱਚ ਦੇਸ਼ ਦੀਆਂ 12 ਸਭ ਤੋਂ ਵਧੀਆ ਜੂਨੀਅਰ ਪੁਰਸ਼ ਟੀਮਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਮੌਜੂਦਾ ਚੈਂਪੀਅਨ ਪੰਜਾਬ, ਉਪ ਜੇਤੂ ਉੱਤਰ ਪ੍ਰਦੇਸ਼ ਅਤੇ ਤੀਜੇ ਸਥਾਨ ’ਤੇ ਰਹਿਣ ਵਾਲਾ ਹਰਿਆਣਾ ਸ਼ਾਮਲ ਹੈ। ਇਸ ਡਿਵੀਜ਼ਨ ਦੇ ਪੂਲ ਮੈਚ 16 ਅਗਸਤ ਨੂੰ ਸ਼ੁਰੂ ਹੋਣਗੇ, ਜਿਸ ਤੋਂ ਬਾਅਦ 20 ਤੋਂ 23 ਅਗਸਤ ਤੱਕ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਹੋਣਗੇ। ਡਿਵੀਜ਼ਨ ‘ਬੀ’ ਵਿੱਚ ਸਿਰਫ਼ ਲੀਗ ਮੈਚ ਹੋਣਗੇ, ਜਿਸ ਵਿੱਚ ਸਿਖਰਲੀਆਂ ਦੋ ਟੀਮਾਂ ਅਗਲੇ ਸਾਲ ਡਿਵੀਜ਼ਨ ‘ਏ’ ਵਿੱਚ ਖੇਡਣਗੀਆਂ, ਜਦਕਿ ਆਖਰੀ ਦੋ ਟੀਮਾਂ ਡਿਵੀਜ਼ਨ ‘ਸੀ’ ਵਿੱਚ ਖਿਸਕ ਜਾਣਗੀਆਂ। ਇਸ ਡਿਵੀਜ਼ਨ ਦੇ ਮੈਚ 12 ਤੋਂ 16 ਅਗਸਤ ਤੱਕ ਚੱਲਣਗੇ। ਡਿਵੀਜ਼ਨ ‘ਸੀ’ ਦੇ ਮੈਚ ਵੀ ਲੀਗ ਫਾਰਮੈਟ ਵਿੱਚ ਖੇਡੇ ਜਾਣਗੇ, ਜਿਸ ਵਿੱਚ ਟੀਮਾਂ ਨੂੰ ਚਾਰ-ਚਾਰ ਟੀਮਾਂ ਦੇ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਸਿਖਰਲੀਆਂ ਦੋ ਟੀਮਾਂ ਅਗਲੇ ਸਾਲ ਡਿਵੀਜ਼ਨ ‘ਬੀ’ ਵਿੱਚ ਜਗ੍ਹਾ ਬਣਾਉਣਗੀਆਂ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ, ‘ਜੂਨੀਅਰ ਟੂਰਨਾਮੈਂਟ ਭਾਰਤੀ ਹਾਕੀ ਦੇ ਭਵਿੱਖ ਲਈ ਬਹੁਤ ਅਹਿਮ ਹੈ। ਨੌਜਵਾਨ ਖਿਡਾਰੀ ਇਸ ਫਾਰਮੈਟ ਵਿੱਚ ਖੇਡ ਕੇ ਬਹੁਤ ਕੁਝ ਸਿੱਖਣਗੇ। ਸਾਨੂੰ ਸਾਰੀਆਂ ਡਿਵੀਜ਼ਨਾਂ ਦੀਆਂ ਟੀਮਾਂ ਵਿਚਾਲੇ ਵੱਖਰੇ ਪੱਧਰ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ।’