ਹਾਕੀ: ਭਾਰਤ ਨੇ ਦੱਖਣੀ ਕੋਰੀਆ ਨੂੰ 5-3 ਨਾਲ ਹਰਾਇਆ
ਹਾਂਗਜ਼ੂ: ਸ਼ੁਰੂਆਤੀ ਕੁਆਰਟਰ ਵਿੱਚ ਹੀ ਤਿੰਨ ਗੋਲ ਕਰਨ ਮਗਰੋਂ ਕੋਰਿਆਈ ਟੀਮ ਦਾ ਡਟ ਕੇ ਸਾਹਮਣਾ ਕਰਦਿਆਂ ਭਾਰਤੀ ਪੁਰਸ਼ ਟੀਮ ਅੱਜ ਇੱਥੇ 5-3 ਨਾਲ ਜਿੱਤ ਦਰਜ ਕਰਦਿਆਂ ਏਸ਼ਿਆਈ ਖੇਡਾਂ ਦੇ ਫਾਈਨਲ ’ਚ ਪੁੱਜ ਗਈ ਹੈ, ਜਿੱਥੇ ਉਸ ਦਾ ਸਾਹਮਣਾ ਸ਼ੁੱਕਰਵਾਰ ਨੂੰ ਜਾਪਾਨ ਨਾਲ ਹੋਵੇਗਾ। ਜਾਪਾਨ ਨੇ ਦੂਜੇ ਸੈਮੀਫਾਈਨਲ ਵਿੱਚ ਮੇਜ਼ਬਾਨ ਚੀਨ ਨੂੰ 3-2 ਨਾਲ ਹਰਾਇਆ ਸੀ। ਭਾਰਤੀ ਹਾਕੀ ਟੀਮ ਨੇ ਆਖ਼ਰੀ ਵਾਰ 2014 ਇੰਚਿਓਨ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਸਿੱਧਾ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਪਿਛਲੀ ਵਾਰ ਜਕਾਰਤਾ ਵਿੱਚ 2018 ’ਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਨੂੰ ਕਾਂਸੇ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ ਸੀ। ਭਾਰਤ ਲਈ ਹਾਰਦਿਕ ਸਿੰਘ ਨੇ ਪੰਜਵੇਂ, ਮਨਦੀਪ ਸਿੰਘ ਨੇ 11ਵੇਂ ਅਤੇ ਲਲਿਤ ਉਪਾਧਿਆਏ ਨੇ 15ਵੇਂ ਮਿੰਟ ਵਿੱਚ ਪਹਿਲੇ ਕੁਆਰਟਰ ਦੌਰਾਨ ਹੀ ਤਿੰਨ ਗੋਲ ਕਰ ਦਿੱਤੇ ਸਨ। -ਪੀਟੀਆਈ
ਭਗਵੰਤ ਮਾਨ ਵੱਲੋਂ ਖਿਡਾਰੀਆਂ ਨੂੰ ਵਧਾਈ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਾਂਗਜ਼ੂ (ਚੀਨ) ’ਚ ਚੱਲ ਰਹੀਆਂ ਏਸ਼ੀਆਈ ਖੇਡਾਂ ’ਚ ਭਾਰਤੀ ਹਾਕੀ ਟੀਮ ਦੇ ਫਾਈਨਲ ’ਚ ਪ੍ਰਵੇਸ਼ ਕਰਨ ’ਤੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਟੀਮ ਨੇ ਇਸ ਵੱਕਾਰੀ ਸਨਮਾਨ ਨਾਲ ਹਰੇਕ ਦੇਸ਼ ਵਾਸੀ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਮੁੱਖ ਮੰਤਰੀ ਨੇ ਉਮੀਦ ਪ੍ਰਗਟਾਈ ਕਿ ਉਹ ਦਨਿ ਦੂਰ ਨਹੀਂ, ਜਦੋਂ ਕੌਮੀ ਖੇਡ ਹਾਕੀ ਛੇਤੀ ਹੀ ਆਪਣੀ ਪੁਰਾਤਨ ਸ਼ਾਨ ਹਾਸਲ ਕਰ ਲਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤੀ ਹਾਕੀ ਟੀਮ ਦੀ ਇਹ ਸ਼ਾਨਦਾਰ ਜਿੱਤ ਸਾਡੇ ਲੱਖਾਂ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ ਅਤੇ ਭਾਰਤੀ ਹਾਕੀ ਟੀਮ ਫਾਈਨਾਲ ’ਚ ਬਾਜ਼ੀ ਮਾਰ ਕੇ ਦੇਸ਼ ਦਾ ਮਾਣ ਹੋਰ ਵਧਾਏਗੀ।