ਹਾਕੀ: ਹਰਿਆਣਾ ਨੇ ਜੂਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਜਿੱਤੀ
ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਅੱਜ ਹਰਿਆਣਾ ਨੇ ਸਖ਼ਤ ਮੁਕਾਬਲੇ ’ਚ ਉੜੀਸਾ ਨੂੰ 3-2 ਨਾਲ ਹਰਾ ਕੇ 15ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਦੌਰਾਨ ਪੰਜਾਬ ਨੇ ਉਤਰ ਪ੍ਰਦੇਸ਼ ਨੂੰ ਸ਼ੂਟਆਊਟ ਰਾਹੀਂ 4-3 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ।
ਫਾਈਨਲ ਮੈਚ ਬਹੁਤ ਰੋਮਾਂਚਕ ਰਿਹਾ। ਪਹਿਲੇ ਅੱਧ ਵਿੱਚ ਉੜੀਸਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2-0 ਦੀ ਲੀਡ ਲੈ ਲਈ ਸੀ। ਉੜੀਸਾ ਲਈ ਦੀਪਕ ਪ੍ਰਧਾਨ ਨੇ 17ਵੇਂ ਅਤੇ ਪ੍ਰਤਾਪ ਟੋਪੋ ਨੇ 19ਵੇਂ ਮਿੰਟ ਵਿੱਚ ਗੋਲ ਕੀਤੇ। ਪਰ ਦੂਜੇ ਅੱਧ ਵਿੱਚ ਹਰਿਆਣਾ ਨੇ ਜ਼ਬਰਦਸਤ ਵਾਪਸੀ ਕੀਤੀ। ਹਰਿਆਣਾ ਦੇ ਚਿਰਾਗ ਨੇ 50ਵੇਂ ਮਿੰਟ ਵਿੱਚ ਪਹਿਲਾ ਗੋਲ ਕਰਕੇ ਟੀਮ ਨੂੰ ਉਮੀਦ ਦਿੱਤੀ, ਜਦਕਿ ਨਿਤਿਨ ਨੇ 51ਵੇਂ ਅਤੇ ਮੈਚ ਦੇ ਆਖਰੀ ਪਲਾਂ ਵਿੱਚ 60ਵੇਂ ਮਿੰਟ ’ਚ ਗੋਲ ਕਰਕੇ ਆਪਣੀ ਟੀਮ ਨੂੰ 3-2 ਨਾਲ ਜਿੱਤ ਦਿਵਾਈ। ਇਸ ਤੋਂ ਪਹਿਲਾਂ ਤੀਜੇ ਸਥਾਨ ਲਈ ਹੋਏ ਮੈਚ ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਨਿਰਧਾਰਤ ਸਮੇਂ ਤੱਕ ਦੋਵਾਂ ਟੀਮਾਂ ਦਾ ਸਕੋਰ 3-3 ਨਾਲ ਬਰਾਬਰ ਸੀ। ਮੈਚ ਦਾ ਫ਼ੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ, ਜਿੱਥੇ ਪੰਜਾਬ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਉੱਤਰ ਪ੍ਰਦੇਸ਼ ਨੂੰ 4-3 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤ ਲਿਆ।
ਜੇਤੂਆਂ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕੀਤੀ। ਇਸ ਮੌਕੇ ਉਨ੍ਹਾਂ ਹਾਕੀ ਪੰਜਾਬ ਨੂੰ 11 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਾਕੀ ਪੰਜਾਬ ਵੱਲੋਂ ਜਿਹੜਾ ਵੀ ਕੌਮੀ ਜਾਂ ਕੌਮਾਂਤਰੀ ਟੂਰਨਾਮੈਂਟ ਕਰਵਾਇਆ ਜਾਵੇਗਾ, ਉਸ ਵਿੱਚ ਪੰਜਾਬ ਸਰਕਾਰ ਪੂਰਾ ਸਹਿਯੋਗ ਦੇਵੇਗੀ। ਅੱਜ ਦੇ ਮੈਚਾਂ ਵਿੱਚ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ, ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਖ਼ਜ਼ਾਨਚੀ ਓਲੰਪੀਅਨ ਸੰਜੀਵ ਕੁਮਾਰ, ਅਜੀਤਪਾਲ ਸਿੰਘ ਗੋਲਡੀ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਸ਼ਫਾਕ ਉਲਾ ਖਾਨ, ਰਾਣਾ ਟੁੱਟ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿਘ ਭਾਪਾ, ਗੁਰਮੀਤ ਸਿੰਘ, ਦਲਜੀਤ ਸਿੰਘ ਢਿਲੋਂ, ਵਰਿੰਦਰਪ੍ਰੀਤ ਸਿੰਘ, ਰਿਪੁਦਮਨ ਕੁਮਾਰ ਸਿੰਘ, ਅੰਗਦ ਸਿੰਘ ਕਪੂਰ ਤੇ ਹੋਰ ਹਾਜ਼ਰ ਸਨ।