Hockey: ਦੀਪਿਕਾ ਦਾ ਨੈਦਰਲੈਂਡਜ਼ ਖ਼ਿਲਾਫ਼ ਗੋਲ ‘ਮੈਜਿਕ ਸਕਿਲਜ਼ ਐਵਾਰਡ’ ਲਈ ਨਾਮਜ਼ਦ
ਨਵੀਂ ਦਿੱਲੀ, 6 ਜੁਲਾਈ
ਭਾਰਤੀ ਮਹਿਲਾ ਹਾਕੀ ਟੀਮ ਦੀ ਫਾਰਵਰਡ ਖਿਡਾਰਨ ਦੀਪਿਕਾ ਨੂੰ 2024-25 ਐੱਫਆਈਐੱਚ ਹਾਕੀ ਪ੍ਰੋ ਲੀਗ ਸੀਜ਼ਨ ਦੌਰਾਨ ਦੁਨੀਆ ਦੀ ਨੰਬਰ ਇੱਕ ਨੈਦਰਲੈਂਡਜ਼ ਦੀ ਟੀਮ ਖ਼ਿਲਾਫ਼ ਕੀਤੇ ਗਏ ਫੀਲਡ ਗੋਲ ਲਈ ‘ਪੌਲੀਗ੍ਰਾਸ ਮੈਜਿਕ ਸਕਿਲਜ਼ ਐਵਾਰਡ’ ਲਈ ਨਾਮਜ਼ਦ ਕੀਤਾ ਗਿਆ ਹੈ। ਜੇਤੂ ਦਾ ਫੈਸਲਾ ਦੁਨੀਆ ਭਰ ਦੇ ਹਾਕੀ ਪ੍ਰੇਮੀਆਂ ਦੀ ਵੋਟਿੰਗ ਦੇ ਆਧਾਰ ’ਤੇ ਕੀਤਾ ਜਾਵੇਗਾ। ਵੋਟ ਪਾਉਣ ਦੀ ਆਖਰੀ ਮਿਤੀ 14 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 3:29 ਵਜੇ ਹੈ।
ਦੀਪਿਕਾ ਨੇ ਇਹ ਗੋਲ ਫਰਵਰੀ 2025 ਵਿੱਚ ਪ੍ਰੋ ਲੀਗ ਦੇ ਭੁਬਨੇਸ਼ਵਰ ਗੇੜ ਦੌਰਾਨ ਕੀਤਾ ਸੀ। ਕਾਲਿੰਗਾ ਸਟੇਡੀਅਮ ਵਿੱਚ ਖੇਡਿਆ ਗਿਆ ਇਹ ਮੈਚ ਨਿਯਮਤ ਸਮੇਂ ਵਿੱਚ 2-2 ਨਾਲ ਬਰਾਬਰ ਰਿਹਾ ਸੀ, ਜਿਸ ਤੋਂ ਬਾਅਦ ਭਾਰਤ ਨੇ ਸ਼ੂਟਆਊਟ ਵਿੱਚ ਨੈਦਰਲੈਂਡਜ਼ ਨੂੰ ਮਾਤ ਦਿੱਤੀ ਸੀ। ਭਾਰਤੀ ਟੀਮ ਜਦੋਂ ਦੋ ਗੋਲਾਂ ਨਾਲ ਪਿੱਛੇ ਚੱਲ ਰਹੀ ਸੀ, ਤਾਂ ਦੀਪਿਕਾ ਨੇ 35ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਕੀਤਾ ਸੀ।
ਦੀਪਿਕਾ ਨੇ ਕਿਹਾ, ‘ਨੈਦਰਲੈਂਡਜ਼ ਖ਼ਿਲਾਫ਼ ਉਹ ਗੋਲ ਮੇਰੇ ਕਰੀਅਰ ਦੇ ਸਭ ਤੋਂ ਖ਼ਾਸ ਪਲਾਂ ਵਿੱਚੋਂ ਇੱਕ ਹੈ। ਸਭ ਕੁਝ ਵਧੀਆ ਰਿਹਾ ਅਤੇ ਇਸ ਰਾਹੀਂ ਸਾਨੂੰ ਬਰਾਬਰੀ ਕਰਨ ਅਤੇ ਸ਼ੂਟਆਊਟ ਵਿੱਚ ਜਿੱਤ ਹਾਸਲ ਕਰਨ ’ਚ ਮਦਦ ਮਿਲੀ। ਮੈਨੂੰ ਇਸ ਐਵਾਰਡ ਲਈ ਨਾਮਜ਼ਦ ਹੋਣ ’ਤੇ ਮਾਣ ਹੈ ਅਤੇ ਮੈਂ ਪ੍ਰਸ਼ੰਸਕਾਂ ਦੇ ਸਮਰਥਨ ਲਈ ਧੰਨਵਾਦੀ ਹਾਂ।’
ਦੀਪਿਕਾ ਤੋਂ ਇਲਾਵਾ ਸਪੇਨ ਦੀ ਪੈਟਰੀਸ਼ੀਆ ਅਲਵਾਰੇਜ਼ ਦਾ ਆਸਟਰੇਲੀਆ ਖ਼ਿਲਾਫ਼ ਕੀਤਾ ਗਿਆ ਗੋਲ ਅਤੇ ਆਸਟਰੇਲਿਆਈ ਮਹਿਲਾ ਟੀਮ ਵੱਲੋਂ ਇੰਗਲੈਂਡ ਖ਼ਿਲਾਫ਼ ਸਾਂਝੀਆਂ ਕੋਸ਼ਿਸ਼ਾਂ ਨਾਲ ਕੀਤਾ ਗਿਆ ਗੋਲ ਵੀ ਇਸ ਪੁਰਸਕਾਰ ਲਈ ਨਾਮਜ਼ਦ ਹੈ। -ਪੀਟੀਆਈ