ਹਾਕੀ ਚੈਂਪੀਅਨਸ਼ਿਪ: ਪੰਜਾਬ ਕੁਆਰਟਰ ਫਾਈਨਲ ’ਚ ਪੁੱਜਾ
ਪੰਜਾਬ ਨੇ ਮੱਧ ਪ੍ਰਦੇਸ਼ ਨੂੰ ਸਖਤ ਮੁਕਾਬਲੇ ਵਿੱਚ 3-2 ਨਾਲ ਹਰਾ ਕੇ 15ਵੀਂ ਹਾਕੀ ਇੰਡੀਆ ਜੂਨੀਅਰ ਰਾਸ਼ਟਰੀ (ਪੁਰਸ਼)ਹਾਕੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪੰਜਾਬ ਵੱਲੋਂ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਵਿੱਚ ‘ਏ’ ਡਿਵੀਜ਼ਨ ਵਿੱਚ ਉੜੀਸਾ ਅਤੇ ਹਰਿਆਣਾ ਨੇ ਆਪੋ-ਆਪਣੇ ਲੀਗ ਮੈਚ ਜਿੱਤ ਕੇ 3-3 ਅੰਕ ਹਾਸਲ ਕਰ ਲਏ। ‘ਬੀ’ ਡਿਵੀਜ਼ਨ ਵਿੱਚ ਬਿਹਾਰ ਤੇ ਬੰਗਾਲ ਨੇ ਵੀ ਆਪੋ-ਆਪਣੇ ਲੀਗ ਮੈਚ ਜਿੱਤ ਕੇ 3-3 ਅੰਕ ਹਾਸਲ ਕੀਤੇ ਹਨ। ਪੰਜਾਬ ਨੂੰ ਮੱਧ ਪ੍ਰਦੇਸ਼ ਨੇ ਸਖ਼ਤ ਚੁਣੌਤੀ ਦਿੱਤੀ। ਖੇਡ ਦੇ ਸ਼ੁਰੂਆਤੀ ਪਲਾਂ ਵਿੱਚ ਪੰਜਾਬ ਦੇ ਓਮ ਰਜਨੀਸ਼ ਸੈਣੀ ਨੇ ਖੇਡ ਦੇ ਤੀਜੇ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 14ਵੇਂ ਮਿੰਟ ਵਿੱਚ ਪੰਜਾਬ ਦੇ ਲਵਨੂਰ ਸਿੰਘ ਨੇ ਗੋਲ ਕਰਕੇ ਸਕੋਰ 2-0 ਕੀਤਾ। ਮੱਧ ਪ੍ਰਦੇਸ਼ ਦੇ ਮੁਹੰਮਦ ਅਨਸ ਨੇ 19ਵੇਂ ਮਿੰਟ ਵਿਚ ਗੋਲ ਕਰਕੇ ਸਕੋਰ 1-2 ਕੀਤਾ। ਇਸ ਤੋਂ ਬਾਅਦ ਖੇਡ ਦੇ 39ਵੇਂ ਮਿੰਟ ਵਿੱਚ ਝਾਰਖੰਡ ਦੇ ਸੁਹੇਲ ਅਲੀ ਨੇ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 41ਵੇਂ ਮਿੰਟ ਵਿੱਚ ਪੰਜਾਬ ਦੇ ਜਪਨੀਤ ਸਿੰਘ ਨੇ ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਸਕੋਰ 3-2 ਕੀਤਾ। ਇਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਬਿਹਾਰ ਨੇ ਅਸਾਮ ਨੂੰ 4-3 ਨਾਲ ਹਰਾਇਆ। ਅੱਧੇ ਸਮੇਂ ਤੱਕ ਬਿਹਾਰ 3-2 ਨਾਲ ਅੱਗੇ ਸੀ। ਦੂਜੇ ਮੈਚ ਵਿਚ ਬੰਗਾਲ ਨੇ ਉਤਰਾਖੰਡ ਨੂੰ 4-1 ਨਾਲ ਹਰਾਇਆ। ਅੱਧੇ ਸਮੇਂ ਤੱਕ ਬੰਗਾਲ 2-0 ਨਾਲ ਅੱਗੇ ਸੀ। ‘ਏ’ ਡਿਵੀਜ਼ਨ ਵਿੱਚ ਉੜੀਸਾ ਨੂੰ ਕਰਨਾਟਕ ਨੇ ਸਖ਼ਤ ਟੱਕਰ ਦਿੱਤੀ। ਉੜੀਸਾ ਨੇ ਇਹ ਮੈਚ 2-1 ਨਾਲ ਜਿੱਤ ਲਿਆ। ਦੂਜੇ ਮੈਚ ਵਿੱਚ ਹਰਿਆਣਾ ਨੇ ਮਨੀਪੁਰ ਨੂੰ 5-0 ਨਾਲ ਹਰਾਇਆ। ਅੱਧੇ ਸਮੇਂ ਤੱਕ ਹਰਿਆਣਾ 2-0 ਨਾਲ ਅੱਗੇ ਸੀ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਸਮੀਰ ਦਾਦ, ਸਿਮਰਨਜੀਤ ਸਿੰਘ, ਅਮਨਦੀਪ ਕੌਰ, ਯੋਗਿਤਾ ਬਾਲੀ, ਅਮਨਪ੍ਰੀਤ ਸਿੰਘ, ਅਸ਼ਫਾਕਉੱਲਾ ਖਾਨ, ਓਲੰਪੀਅਨ ਕਰਨਲ ਬਲਬੀਰ ਸਿੰਘ ਅਤੇ ਓਲੰਪੀਅਨ ਗੁਰਜੰਟ ਸਿੰਘ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਅੱਜ ਦੇ ਮੈਚਾਂ ਸਮੇਂ ਅਮਰੀਕ ਸਿੰਘ ਪੁਆਰ ਜਨਰਲ ਸਕੱਤਰ ਹਾਕੀ ਪੰਜਾਬ, ਓਲੰਪੀਅਨ ਸੰਜੀਵ ਕੁਮਾਰ, ਗੁਰਮੀਤ ਸਿੰਘ, ਸਤਿੰਦਰਜੀਤ ਸਿੰਘ, ਜਸਵਿੰਦਰ ਸਿੰਘ ਲਾਲੀ, ਸੰਦੀਪ ਕੋਹਲੀ, ਉਲੰਪੀਅਨ ਗੈਵਨ ਫਰੇਰਾ, ਸੰਦੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ ਸੀਨੀਅਰ ਓਲੰਪੀਅਨ, ਰਿਪੁਦਮਨ ਕੁਮਾਰ ਸਿੰਘ, ਰਾਮ ਸਰਨ, ਸੰਜੇ ਬੀਰ, ਦਲਜੀਤ ਸਿੰਘ ਢਿੱਲੋਂ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।