Hockey Asia Cup: ਪਾਕਿਸਤਾਨ ਹਾਕੀ ਏਸ਼ੀਆ ਕੱਪ ਖੇਡਣ ਭਾਰਤ ਆਵੇਗਾ?
ਨਵੀਂ ਦਿੱਲੀ, 3 ਜੁਲਾਈ
ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਬਰਕਰਾਰ ਹੈ। ਇਸ ਦਰਮਿਆਨ ਪਾਕਿਸਤਾਨ ਦੀ ਹਾਕੀ ਟੀਮ ਦੇ ਏਸ਼ੀਆ ਕੱਪ ਖੇਡਣ ਲਈ ਭਾਰਤ ਆਉਣ ਦੀ ਸੰਭਾਵਨਾ ਹੈ। ਖੇਡ ਮੰਤਰਾਲੇ ਦੇ ਸੂਤਰਾਂ ਨੇ ਪੀਟੀਆਈ ਨੂੰ ਦੱਸਿਆ ਕਿ ਉਹ ਦੋਵੇਂ ਦੇਸ਼ਾਂ ਦਰਮਿਆਨ ਹੋਣ ਵਾਲੀ ਸੀਰੀਜ਼ ਦੇ ਵਿਰੁੱਧ ਹਨ ਪਰ ਕਿਸੇ ਵੀ ਟੀਮ ਨੂੰ ਇਸ ਟੂਰਨਾਮੈਂਟ ਵਿਚ ਭਾਰਤ ਆਉਣ ਤੋਂ ਨਹੀਂ ਰੋਕਿਆ ਜਾਵੇਗਾ। ਉਨਾਂ ਕਿਹਾ ਕਿ ਕੌਮਾਂਤਰੀ ਮੁਕਾਬਲਿਆਂ ਵਿਚ ਟੀਮਾਂ ਤਣਾਅ ਦੇ ਬਾਵਜੂਦ ਹਿੱਸਾ ਲੈਂਦੀਆਂ ਹਨ। ਰੂਸ ਤੇ ਯੂਕਰੇਨ ਦਰਮਿਆਨ ਜੰਗ ਚਲ ਰਹੀ ਹੈ ਪਰ ਇਨ੍ਹਾਂ ਦੀਆਂ ਟੀਮਾਂ ਖੇਡ ਮੁਕਾਬਲਿਆਂ ਵਿਚ ਭਾਗ ਲੈ ਰਹੀਆਂ ਹਨ। ਜ਼ਿਕਰਯੋਗ ਹੈ ਕਿ ਹਾਈ ਏਸ਼ੀਆ ਕੱਪ 27 ਅਗਸਤ ਤੋਂ 7 ਸਤੰਬਰ ਦਰਮਿਆਨ ਬਿਹਾਰ ਦੇ ਰਾਜਗਿਰ ਵਿਚ ਖੇਡਿਆ ਜਾਵੇਗਾ। ਦੂਜੇ ਪਾਸੇ ਹਾਈ ਇੰਡੀਆ ਦੇ ਸਕੱਤਰ ਜਨਰਲ ਭੋਲਾਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਟੀਮ ਏਸ਼ੀਆ ਕੱਪ ਲਈ ਆਵੇਗੀ ਕਿ ਨਹੀਂ , ਇਸ ’ਤੇ ਟਿੱਪਣੀ ਕਰਨਾ ਜਲਦਬਾਜ਼ੀ ਹੋਵੇਗੀ। ਇਸ ਸਬੰਧੀ ਸਰਕਾਰ ਜੋ ਵੀ ਨਿਰਦੇਸ਼ ਦੇਵੇਗੀ, ਉਸ ਦਾ ਪਾਲਣ ਕੀਤਾ ਜਾਵੇਗਾ।