ਹਾਕੀ: ਏਸ਼ੀਆ ਕੱਪ ਅੱਜ ਤੋਂ; ਚੀਨ ਨਾਲ ਭਿੜੇਗਾ ਭਾਰਤ
ਤਿੰਨ ਵਾਰ ਦੇ ਚੈਂਪੀਅਨ ਭਾਰਤ ਨੇ ਬੀਤੇ ਸਮੇਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ। ਭਾਰਤੀ ਟੀਮ ਮਾੜੇ ਪ੍ਰਦਰਸ਼ਨ ਵਿਚੋਂ ਉੱਭਰ ਕੇ ਤੇ ਵਧੀਆ ਪ੍ਰਦਰਸ਼ਨ ਜ਼ਰੀਏ ਪੁਰਸ਼ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਜਿੱਤ ਕੇ ਵਿਸ਼ਵ ਕੱਪ ਵਿੱਚ ਆਪਣੀ ਥਾਂ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ।
ਜ਼ਿਕਰਯੋਗ ਹੈ ਕਿ ਏਸ਼ੀਆ ਕੱਪ 29 ਅਗਸਤ ਤੋਂ 7 ਸਤੰਬਰ ਤਕ ਹੋਵੇਗਾ। ਇਸ ਦੌਰਾਨ ਅੱਠ ਟੀਮਾਂ ਖਿਤਾਬ ਜਿੱਤਣ ਲਈ ਮੁਕਾਬਲਾ ਕਰਨਗੀਆਂ। ਭਾਰਤ ਦਾ ਪਹਿਲਾ ਮੈਚ ਚੀਨ ਨਾਲ ਭਲਕੇ ਹੋਵੇਗਾ। ਭਾਰਤ ਅਤੇ ਚੀਨ ਨੂੰ ਪੂਲ ਏ ਵਿੱਚ ਜਾਪਾਨ ਅਤੇ ਕਜ਼ਾਖ਼ਸਤਾਨ ਨਾਲ ਰੱਖਿਆ ਗਿਆ ਹੈ। ਪੂਲ ਬੀ ਵਿੱਚ ਖਿਤਾਬ ਧਾਰਕ ਅਤੇ ਪੰਜ ਵਾਰ ਦਾ ਚੈਂਪੀਅਨ ਦੱਖਣੀ ਕੋਰੀਆ, ਮਲੇਸ਼ੀਆ, ਬੰਗਲਾਦੇਸ਼ ਅਤੇ ਚੀਨੀ ਤਾਇਪੇ ਹਨ। ਦੂਜੇ ਪਾਸੇ ਕਜ਼ਾਖ਼ਸਤਾਨ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਆਪਣਾ ਪਹਿਲਾ ਏਸ਼ੀਆ ਕੱਪ ਖੇਡਣ ਲਈ ਤਿਆਰ ਹੈ।
ਬੰਗਲਾਦੇਸ਼ ਨੇ ਪਾਕਿਸਤਾਨ ਅਤੇ ਓਮਾਨ ਦੀ ਥਾਂ ਲੈ ਲਈ ਹੈ ਤੇ ਇਹ ਦੋਵੇਂ ਦੇਸ਼ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਫਾਈਨਲ ਮੁਕਾਬਲਾ 7 ਸਤੰਬਰ ਨੂੰ ਹੋਵੇਗਾ। ਇਹ ਟੂਰਨਾਮੈਂਟ ਭਾਰਤ ਲਈ ਅਗਲੇ ਸਾਲ ਬੈਲਜੀਅਮ ਅਤੇ ਨੈਦਰਲੈਂਡਜ਼ ਵਲੋਂ ਸਾਂਝੇ ਤੌਰ ’ਤੇ 14 ਤੋਂ 30 ਅਗਸਤ ਤੱਕ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਸਭ ਤੋਂ ਵਧੀਆ ਅਤੇ ਆਖਰੀ ਮੌਕਾ ਹੈ।
ਇਸ ਤੋਂ ਪਹਿਲਾਂ ਭਾਰਤ ਵਿਸ਼ਵ ਕੱਪ ਵਿਚ ਆਪਣੀ ਥਾਂ ਪੱਕੀ ਕਰਨ ਦੀ ਪਹਿਲੀ ਕੋਸ਼ਿਸ਼ ਵਿੱਚ ਸਫਲ ਨਹੀਂ ਹੋ ਸਕਿਆ ਸੀ। ਭਾਰਤ ਨੇ ਯੂਰਪੀਅਨ ਲੀਗ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਭਾਰਤ ਵਿਸ਼ਵ ਸੂਚੀ ਵਿਚ ਸੱਤਵੇਂ ਸਥਾਨ ’ਤੇ ਖਿਸਕ ਗਿਆ ਸੀ। ਭਾਰਤ ਨੇ ਅੱਠ ਮੈਚਾਂ ਵਿੱਚੋਂ ਸਿਰਫ਼ ਇੱਕ ਜਿੱਤ ਹਾਸਲ ਕੀਤੀ ਸੀ।