ਸਪਿੰਨਰ ਜਾਂ ਵਾਧੂ ਗੇਂਦਬਾਜ਼ ਨੂੰ ਲੈ ਕੇ ਦੁਚਿੱਤੀ, ਪਰ ਨਤੀਜਿਆਂ ’ਚ ਸਪਿੰਨਰਾਂ ਦੀ ਭੂਮਿਕਾ ਅਹਿਮ: ਗਿੱਲ
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਮੰਨਿਆ ਕਿ ਸਪਿੰਨਰ ਅਤੇ ਵਾਧੂ ਤੇਜ਼ ਗੇਂਦਬਾਜ਼ ਵਿੱਚੋਂ ਇੱਕ ਦੀ ਚੋਣ ਕਰਨਾ ਚੁਣੌਤੀਪੂਰਨ ਹੈ। ਗਿੱਲ ਨੇ ਕਿਹਾ ਕਿ ਜਦੋਂ ਉਹ ਸ਼ੁੱਕਰਵਾਰ ਤੋਂ ਇੱਥੇ ਦੱਖਣੀ ਅਫਰੀਕਾ ਖਿਲਾਫ਼ ਖੇਡੇ ਜਾਣ ਵਾਲੇ ਪਹਿਲੇ ਟੈਸਟ ਲਈ ਆਖਰੀ 11 ਖਿਡਾਰੀਆਂ ਦੀ ਚੋਣ ਕਰਨਗੇ ਤਾਂ ਘਰੇਲੂ ਮੈਦਾਨਾਂ ’ਤੇ ਸਪਿੰਨਰਾਂ ਦੀ ਅਹਿਮ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕਰਨਗੇ। ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੂੰ ਈਡਨ ਗਾਰਡਨ ਦੇ ਮੈਦਾਨ ’ਤੇ ਪਲੇਇੰਗ ਇਲੈਵਨ ਵਿੱਚ ਸ਼ਾਮਲ ਕੀਤਾ ਜਾਣਾ ਯਕੀਨੀ ਹੈ, ਜਦੋਂ ਕਿ ਆਕਾਸ਼ ਦੀਪ ਟੀਮ ਵਿੱਚ ਤੀਜਾ ਤੇਜ਼ ਗੇਂਦਬਾਜ਼ ਹੈ।
ਭਾਰਤ ਕੋਲ ਰਵਿੰਦਰ ਜਡੇਜਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ ਅਤੇ ਕੁਲਦੀਪ ਯਾਦਵ ਦੇ ਰੂਪ ਵਿੱਚ ਚਾਰ ਸਪਿੰਨਰ ਹਨ। ਜਡੇਜਾ, ਅਕਸ਼ਰ ਅਤੇ ਵਾਸ਼ਿੰਗਟਨ ਨੇ ਵੀ ਬੱਲੇ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ। ਗਿੱਲ ਨੇ ਵੀਰਵਾਰ ਨੂੰ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਇਹ ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ। ਜੇਕਰ ਤੁਸੀਂ ਇੱਕ ਵਾਧੂ ਤੇਜ਼ ਗੇਂਦਬਾਜ਼ ਜਾਂ ਸਪਿੰਨਰ ਨਾਲ ਜਾਂਦੇ ਹੋ, ਤਾਂ ਹਮੇਸ਼ਾ ਟਕਰਾਅ ਹੁੰਦਾ ਹੈ। ਇਸ ਲਈ, ਅਸੀਂ ਭਲਕੇ ਸਥਿਤੀ ਦੇ ਮੁਲਾਂਕਣ ਮਗਰੋਂ ਪਲੇਇੰਗ ਇਲੈਵਨ ਬਾਰੇ ਫੈਸਲਾ ਕਰਾਂਗੇ।’’ ਹਾਲਾਂਕਿ, ਭਾਰਤੀ ਕਪਤਾਨ ਨੇ ਮੈਚ ਦੇ ਨਤੀਜੇ ਨੂੰ ਬਦਲਣ ਵਿੱਚ ਸਪਿੰਨਰਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ। ਭਾਰਤ ਦੱਖਣੀ ਅਫ਼ਰੀਕਾ ਖਿਲਾਫ ਦੋ ਟੈਸਟ ਮੈਚ ਖੇਡੇਗਾ ਤੇ ਡਬਲਿਊਟੀਸੀ ਫਾਈਨਲ ਦੀ ਦੌੜ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਇਹ ਦੋਵੇਂ ਟੈਸਟ ਅਹਿਮ ਹਨ।
