ਏਸ਼ੀਆ ਕੱਪ ਹਾਕੀ ਲਈ ਭਾਰਤੀ ਟੀਮ ਦੀ ਕਪਤਾਨੀ ਹਰਮਨਪ੍ਰੀਤ ਕੋਲ
ਬਿਹਾਰ ਦੇ ਰਾਜਗੀਰ ’ਚ ਹੋਣ ਵਾਲੇ ਏਸ਼ੀਆ ਕੱਪ ਹਾਕੀ ਲਈ ਅੱਜ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਵਿੱਚ ਫਾਰਵਰਡ ਖਿਡਾਰੀ ਸ਼ਿਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ ਨੇ ਆਪਣੀ ਜਗ੍ਹਾ ਬਰਕਰਾਰ ਰੱਖੀ ਹੈ। ਇਹ ਟੂਰਨਾਮੈਂਟ 29 ਅਗਸਤ ਤੋਂ 7 ਸਤੰਬਰ ਤੱਕ ਚੱਲੇਗਾ ਅਤੇ ਇਸ ਦਾ ਜੇਤੂ ਅਗਲੇ ਸਾਲ ਹੋਣ ਵਾਲੇ ਐੱਫਆਈਐੱਚ ਪੁਰਸ਼ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰੇਗਾ।
ਰਾਜਿੰਦਰ ਸਿੰਘ, ਸ਼ਿਲਾਨੰਦ ਲਾਕੜਾ ਅਤੇ ਦਿਲਪ੍ਰੀਤ ਸਿੰਘ ਆਸਟਰੇਲੀਆ ਦੌਰੇ ’ਤੇ ਭਾਰਤੀ ਟੀਮ ਦਾ ਹਿੱਸਾ ਸਨ। ਰਾਜਿੰਦਰ ਨੂੰ ਸ਼ਮਸ਼ੇਰ ਸਿੰਘ ਦੀ ਜਗ੍ਹਾ ਚੁਣਿਆ ਗਿਆ, ਜਦਕਿ ਲਾਕੜਾ ਨੇ ਹਾਲ ਹੀ ਵਿੱਚ ਕੌਮਾਂਤਰੀ ਹਾਕੀ ਨੂੰ ਅਲਵਿਦਾ ਕਹਿਣ ਵਾਲੇ ਲਲਿਤ ਉਪਾਧਿਆਏ ਦੀ ਜਗ੍ਹਾ ਲਈ ਹੈ। ਦਿਲਪ੍ਰੀਤ ਨੂੰ ਗੁਰਜੰਟ ਸਿੰਘ ਨਾਲੋਂ ਤਰਜੀਹ ਦਿੱਤੀ ਗਈ ਹੈ। ਗੋਲਕੀਪਿੰਗ ਦੀ ਜ਼ਿੰਮੇਵਾਰੀ ਕ੍ਰਿਸ਼ਨ ਬੀ ਪਾਠਕ ਅਤੇ ਸੂਰਜ ਕਰਕੇਰਾ ’ਤੇ ਹੋਵੇਗੀ। ਡਿਫੈਂਸ ਵਿੱਚ ਹਰਮਨਪ੍ਰੀਤ ਅਤੇ ਅਮਿਤ ਰੋਹਿਦਾਸ ਦੇ ਨਾਲ ਜਰਮਨਪ੍ਰੀਤ ਸਿੰਘ, ਸੁਮਿਤ, ਸੰਜੈ ਅਤੇ ਜੁਗਰਾਜ ਸਿੰਘ ਹਨ। ਮਿਡਫੀਲਡ ਵਿੱਚ ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਰਾਜਿੰਦਰ, ਰਾਜ ਕੁਮਾਰ ਪਾਲ ਅਤੇ ਹਾਰਦਿਕ ਸਿੰਘ ਹੋਣਗੇ। ਫਾਰਵਰਡ ਲਾਈਨ ਵਿੱਚ ਮਨਦੀਪ ਸਿੰਘ, ਅਭਿਸ਼ੇਕ, ਸੁਖਜੀਤ ਸਿੰਘ, ਲਾਕੜਾ ਅਤੇ ਦਿਲਪ੍ਰੀਤ ਜ਼ਿੰਮੇਵਾਰੀ ਸੰਭਾਲਣਗੇ। ਨੀਲਮ ਸੰਜੀਪ ਸੇਸ ਅਤੇ ਸੇਲਵਮ ਕਾਰਤੀ ਨੂੰ ਰਿਜ਼ਰਵ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ ਆਪਣਾ ਪਹਿਲਾ ਮੈਚ 29 ਅਗਸਤ ਨੂੰ ਚੀਨ ਖ਼ਿਲਾਫ਼ ਖੇਡੇਗੀ।